ਚੋਟੀ ਦੀ ਤੀਰਅੰਦਾਜ਼ ਸੜਕ ਕੰਢੇ ਸਬਜ਼ੀਆਂ ਵੇਚਣ ਲਈ ਮਜਬੂਰ, ਕਸੂਰ ਕਿਸਦਾ ?

By  Panesar Harinder June 1st 2020 04:40 PM -- Updated: June 1st 2020 04:42 PM

ਝਰੀਆ - ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਤੋਂ ਬਾਅਦ ਵੀ ਜਿਹੜੇ ਦੇਸ਼ ਦੇ ਨੌਜਵਾਨਾਂ ਨੂੰ ਦੋ ਵਕਤ ਦੀ ਰੋਟੀ ਲਈ ਓਹੜ-ਪੋਹੜ ਕਰਨੇ ਪੈਂਦੇ ਹੋਣ, ਉਸ ਦੇਸ਼ ਨੂੰ ਸਮਝ ਲੈਣਾ ਚਾਹੀਦਾ ਹੈ ਕਿ 'ਵਿਸ਼ਵ ਗੁਰੂ' ਬਣਨ ਦਾ ਸਫ਼ਰ ਹਾਲੇ ਬਹੁਤ ਦੂਰ ਹੈ। ਭਾਰਤ 'ਚ ਹਰ ਸਾਲ ਬਜਟ 'ਚ ਕਰੋੜਾਂ ਅਰਬਾਂ ਰੁਪਏ ਖੇਡਾਂ ਲਈ ਰਾਖਵੇਂ ਰੱਖੇ ਜਾਂਦੇ ਹਨ, ਪਰ ਉਹ 'ਰਾਖਵਾਂਕਰਨ' ਖੇਡ ਤੇ ਖਿਡਾਰੀਆਂ ਦੀ ਬਜਾਏ ਸ਼ਾਇਦ ਕਿਸੇ ਹੋਰ ਲਈ ਹੀ ਹੁੰਦਾ ਹੈ। ਝਾਰਖੰਡ ਦੀ ਚੋਟੀ ਦੀ ਤੀਰਅੰਦਾਜ਼ ਸੋਨੀ ਖਾਤੂਨ ਨੂੰ ਵੇਖ ਕੇ ਤਾਂ ਇਹੀ ਗੱਲ ਸਾਬਤ ਹੋ ਜਾਂਦੀ ਹੈ। ਰਾਸ਼ਟਰੀ ਸਕੂਲ ਤੀਰਅੰਦਾਜ਼ੀ ਮੁਕਾਬਲੇ 'ਚ ਤਗਮਾ ਜਿੱਤਣ ਵਾਲੀ ਸੋਨੀ, ਅੱਜ ਝਰੀਆ 'ਚ ਸੜਕ ਕੰਢੇ ਸਬਜ਼ੀਆਂ ਵੇਚਣ ਲਈ ਮਜਬੂਰ ਹੈ। ਸਾਲ 2011 'ਚ ਪੁਣੇ ਵਿੱਚ ਹੋਈ 56ਵੀਂ ਨੈਸ਼ਨਲ ਸਕੂਲ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੋਨੀ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸ ਤੋਂ ਬਾਅਦ ਸਾਲ 2016 ਤੱਕ ਕਈ ਸੂਬਾ ਪੱਧਰੀ ਮੁਕਾਬਲਿਆਂ 'ਚ ਹਿੱਸਾ ਲਿਆ। ਟਾਟਾ ਆਰਚਰੀ ਅਕਾਦਮੀ ਦੇ ਫੀਡਰ ਸੈਂਟਰ 'ਚ ਵੀ ਉਸ ਨੂੰ ਆਪਣੀ ਕੁਸ਼ਲਤਾ ਨੂੰ ਵਿਖਾਉਣ ਦਾ ਮੌਕਾ ਮਿਲਿਆ, ਪਰ ਉਸ ਦਾ ਤੀਰ ਕਮਾਨ ਕੀ ਟੁੱਟਿਆ, ਸਮਝੋ ਤੀਰਅੰਦਾਜ਼ੀ ਦੀ ਦੁਨੀਆਂ 'ਚ ਤਾਰੇ ਵਜੋਂ ਚਮਕਣ ਦਾ ਉਸ ਦਾ ਸੁਪਨਾ ਹੀ ਟੁੱਟ ਗਿਆ। ਅਭਿਆਸ ਵਾਸਤੇ ਇੱਕ ਜੋੜੀ ਤੀਰ-ਕਮਾਨ ਲਈ ਉਸ ਨੇ ਖੇਡ ਮੰਤਰੀ ਤੋਂ ਲੈ ਕੇ ਵਿਭਾਗ ਦੇ ਅਧਿਕਾਰੀਆਂ ਤੱਕ ਸਭ ਕੋਲ ਗੇੜੇ ਲਾਏ, ਪਰ ਸਿਵਾਏ 'ਭਰੋਸੇ' ਦੇ ਉਸ ਨੂੰ ਕਿਤਿਓਂ ਕੁਝ ਨਹੀਂ ਮਿਲਿਆ। ਹੁਣ ਉਸ ਕੋਲ ਅਭਿਆਸ ਕਰਨ ਲਈ ਨਾ ਤਾਂ ਤੀਰ-ਕਮਾਨ ਹੈ ਅਤੇ ਨਾ ਹੀ ਕੋਈ ਖੇਡ ਦਾ ਮੈਦਾਨ। 23 ਸਾਲਾ ਸੋਨੀ ਝਰੀਆ ਦੇ ਜਿਅਲਗੋਰਾ ਦੀ ਸੜਕ ਕੰਢੇ ਸਬਜ਼ੀ ਦੀ ਦੁਕਾਨ ਲਗਾ ਕੇ ਬੈਠੀ ਹੈ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਅਤੇ ਗ਼ੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲਦਾ ਹੈ। ਇਸ ਵੇਲੇ ਪਰਿਵਾਰ ਦੀ ਜ਼ਿੰਮੇਵਾਰੀ ਸੋਨੀ ਦੇ ਸਿਰ ਹੈ ਜਿਸ 'ਚ ਮਾਪਿਆਂ ਤੋਂ ਇਲਾਵਾ ਦੋ ਹੋਰ ਭੈਣਾਂ ਹਨ। ਸੋਨੀ ਦੇ ਪਿਤਾ ਇਰਦੀਸ਼ ਮੀਆਂ ਘਰਾਂ 'ਚ ਸਫ਼ੈਦੀ ਕਰਨ ਦਾ ਕੰਮ ਕਰਦੇ ਹਨ, ਪਰ ਲੌਕਡਾਊਨ ਕਾਰਨ ਉਨ੍ਹਾਂ ਦਾ ਕੰਮ ਬੜੀ ਦੇਰ ਤੋਂ ਬੰਦ ਪਿਆ ਹੈ। ਮਾਂ ਸ਼ਕੀਲਾ ਘਰੇਲੂ ਔਰਤ ਹੈ। ਵੱਡੀ ਭੈਣ ਪੀਜੀ ਦੀ ਪੜ੍ਹਾਈ ਕਰ ਰਹੀ ਹੈ। ਛੋਟੀ ਭੈਣ 12ਵੀਂ 'ਚ ਹੈ। ਉਨ੍ਹਾਂ ਦੋਵਾਂ ਦੀ ਪੜ੍ਹਾਈ ਦਾ ਖਰਚਾ ਵੀ ਸੋਨੀ ਚੁੱਕ ਰਹੀ ਹੈ। ਮਿਹਨਤਕਸ਼ ਸੋਨੀ ਖੁਦ ਦਸਵੀਂ ਜਮਾਤ ਤੱਕ ਹੀ ਪੜ੍ਹ ਸਕੀ। ਪਰਿਵਾਰ ਦੀ ਹਾਲਤ ਅਜਿਹੀ ਹੈ ਕਿ ਜੇ ਇੱਕ ਦਿਨ ਪੈਸੇ ਘਰ 'ਚ ਨਾ ਆਉਣ ਤਾਂ ਚੁੱਲ੍ਹਾ ਨਹੀਂ ਜਲੇਗਾ। ਖੇਡ ਮੈਦਾਨਾਂ 'ਚ ਆਪਣੀ ਯੋਗਤਾ ਸਾਬਤ ਕਰਦੇ ਹੋਏ ਸੋਨੀ ਨੇ ਤੀਰਅੰਦਾਜ਼ੀ ਦੇ ਵੱਡੇ-ਵੱਡੇ ਸੁਪਨੇ ਵੇਖੇ ਸਨ, ਪਰ ਹੁਣ ਉਸ ਦੀਆਂ ਅੱਖਾਂ 'ਚ ਸੁਪਨਿਆਂ ਦੀ ਬਜਾਏ ਸਿਰਫ਼ ਹੰਝੂ ਬਚੇ ਹਨ। ਉਹ ਕਹਿੰਦੀ ਹੈ ਕਿ ਲੌਕਡਾਊਨ 'ਚ ਘਰ ਚਲਾਉਣਾ ਮੁਸ਼ਕਿਲ ਸੀ। ਇਸ ਲਈ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਉਹ ਘਰ ਤੋਂ ਹਰ ਰੋਜ਼ ਇੱਕ ਕਿਲੋਮੀਟਰ ਦੂਰ ਝਰੀਆ-ਸਿੰਦਰੀ ਸੜਕ 'ਤੇ ਸਬਜ਼ੀਆਂ ਵੇਚਣ ਆਉਂਦੀ ਹੈ। ਸੋਨੀ ਦਾ ਕਹਿਣਾ ਹੈ ਕਿ ਅੱਜ ਵੀ ਜੇ ਉਸ ਨੂੰ ਸਰੋਤ ਤੇ ਸਹਾਰਾ ਮਿਲ ਜਾਣ ਤਾਂ ਉਹ ਆਪਣੀ ਪ੍ਰਤਿਭਾ ਨਾਲ ਸੂਬੇ ਦਾ ਨਾਂਅ ਰੌਸ਼ਨ ਕਰ ਸਕਦੀ ਹੈ। ਨੌਜਵਾਨਾਂ ਨੂੰ ਦੇਸ਼ ਦਾ ਸਰਮਾਇਆ ਮੰਨਿਆ ਜਾਂਦਾ ਹੈ ਅਤੇ ਜੇਕਰ ਇਸ ਸਰਮਾਏ ਨੂੰ ਆਪਣੀ ਊਰਜਾ ਅਸਲ ਥਾਂ ਦੀ ਬਜਾਏ ਕਿਸੇ ਹੋਰ ਪਾਸੇ ਵਰਤੇ ਜਾਣ ਲਈ ਮਜਬੂਰ ਹੋਣਾ ਪਵੇ, ਤਾਂ ਕਸੂਰ ਨੌਜਵਾਨਾਂ ਦਾ ਨਹੀਂ, ਸਾਡੀਆਂ ਸਰਕਾਰਾਂ, ਸਾਡੇ ਹਾਕਮਾਂ ਦਾ ਹੈ।

Related Post