ਦਸੰਬਰ ਤੋਂ ਮੁਹਾਲੀ ਏਅਰਪੋਰਟ 'ਤੇ ਨਵੀਂ ਕਾਰਗੋ ਸਹੂਲਤ ਹੋਵੇਗੀ ਸ਼ੁਰੂ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

By  Riya Bawa September 6th 2021 06:43 PM -- Updated: September 6th 2021 07:03 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਦੱਸਿਆ ਕਿ ਮੁਹਾਲੀ ਵਿਚ ਚੰਡੀਗੜ੍ਹ ਏਅਰਪੋਰਟ ’ਤੇ ਨਵੀਂ ਕਾਰਗੋ ਸਹੂਲਤ ਇਸ ਸਾਲ ਦਸੰਬਰ ਵਿਚ ਸ਼ੁਰੂ ਹੋ ਜਾਵੇਗੀ ਜਿਸਦੀ ਬਦੌਲਤ ਇਹ ਖੇਤਰ ਫਲਾਂ, ਸਬਜ਼ੀਆਂ ਤੇ ਫੁੱਲਾਂ ਦੀ ਬਰਾਮਦ ਦਾ ਕੇਂਦਰ ਬਣ ਜਾਵੇਗਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਨੇ ਆਪ ਇਹ ਮਾਮਲਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿਤਯਾ ਸਿੰਧਿਆ ਕੋਲ ਚੁੱਕਿਆ ਜਿਹਨਾਂ ਨੇ ਭਰੋਸਾ ਦੁਆਇਆ ਕਿ ਇਹ ਕਾਰਗੋ ਸਹੂਲਤ ਇਸ ਵੇਲੇ ਉਸਾਰੀ ਅਧੀਨ ਹੈ ਤੇ ਇਹ ਸਾਲ ਦੇ ਅੰਤ ਤੱਕ ਪੂਰੀ ਕਰ ਲਈ ਜਾਵੇਗੀ।

ਅਕਾਲੀ ਆਗੂ ਨੇ ਕਿਹਾ ਕਿ ਨਵੀਂ ਸਹੂਲਤ 12137 ਵਰਗ ਮੀਟਰ ਵਿਚ ਬਣ ਰਹੀ ਹੈ ਜਿਸ ਨਾਲ ਮੱਧ ਪੂਰਬ ਅਤੇ ਦੁਨੀਆਂ ਦੇ ਹੋਰ ਭਾਗਾਂ ਲਈ ਤੁਰੰਤ ਸਬਜ਼ੀਆਂ, ਫਲਾਂ ਤੇ ਫੁੱਲਾਂ ਦੀ ਬਰਾਮਦ ਸ਼ੁਰੂ ਹੋ ਸਕੇਗੀ ਜੋ ਇਸ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਕੌਮਾਂਤਰੀ ਉਡਾਣਾਂ ’ਤੇ ਨਿਰਭਰ ਕਰੇਗੀ। ਉਹਨਾਂ ਕਿਹਾ ਕਿ ਇਸ ਨਾਲ ਖੇਤੀਬਾੜੀ ਲਈ ਫਸਲੀ ਵਿਭਿੰਨਤਾ ਨੁੰ ਵੱਡਾ ਹੁਲਾਰਾ ਮਿਲੇਗਾ ਕਿਉਂਕਿ ਉੱਤਰੀ ਖਿੱਤੇ ਵਿਚ ਕੋਈ ਵੀ ਬੰਦਗਾਹ ਨਹੀਂ ਹੈ ਤੇ ਕਿਸਾਨਾਂ ਨੁੰ ਆਪਣੀਆਂ ਖਰਾਬ ਹੋਣ ਵਾਲੀਆਂ ਜਿਣਸਾਂ ਹੋਰ ਮੁਲਕਾਂ ਵਿਚ ਭੇਜਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਹਨਾਂ ਕਿਹਾ ਕਿ ਵਾਹਗਾ ਵਿਖੇ ਇੰਟੀਗਰੇਟਡ ਚੈਕ ਪੋਸਟ ਵਿਚ ਵੀ ਤਰੁੱਟੀਆਂ ਹਨ ਤੇ ਇਸ ਰਾਹੀਂ ਵਸਤਾਂ ਸਿਰਫ ਪਾਕਿਸਤਾਨ ਹੀ ਭੇਜੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਸਾਡੀਆਂ ਛੇਤੀ ਖਰਾਬ ਹੋਣ ਵਾਲੀਆਂ ਜਿਣਸਾਂ ਵੀ ਕੁਝ ਹੀ ਘੰਟਿਆਂ ਵਿਚ ਮੱਧ ਪੂਰਬ ਵਿਚ ਭੇਜੀਆਂ ਜਾ ਸਕਣਗੀਆਂ ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਤੇ ਰੋਜ਼ਗਾਰ ਤੇ ਵਪਾਰ ਤੇ ਵਧੇਰੇ ਮੌਕੇ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਰਗੇ ਰਾਜਾਂ ਦੇ ਕਿਸਾਨਾਂ ਨੂੰ ਇਹ ਕਾਰਗੋ ਸਹੂਲਤ ਸ਼ੁਰੂ ਹੋਣ ਨਾਲ ਲਾਭ ਮਿਲੇਗਾ।

ਪ੍ਰੋ. ਚੰਦੂਮਾਜਰਾ ਨੇ ਜਯੋਤਿਰਦਿਤਯਾ ਸਿੰਧੀਆ ਨਾਲ ਆਪਣੀ ਮੀਟਿੰਗ ਵਿਚ ਉਹਨਾਂ ਨੂੰ ਬੇਨਤੀ ਕੀਤੀ ਕਿ ਮੁਹਾਲੀ ਤੋਂ ਕੌਮਾਂਤਰੀ ਉਡਾਣਾ ਵੱਧ ਤੋਂ ਵੱਧ ਗਿਣਤੀ ਵਿਚ ਸ਼ੁਰੂ ਕੀਤੀਆਂ ਜਾਣ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਦੀ ਇਹ ਵੰਡੀ ਮੰਗ ਹੈ ਕਿ ਮੁਹਾਲੀ ਤੋਂ ਕੌਮਾਂਤਰੀ ਉਡਾਣਾ ਸ਼ੁਰੂ ਕੀਤੀਆਂ ਜਾਣ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੁੰ ਇਸ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਮੰਤਰੀ ਨੇ ਇਸ ਮੰਗ ’ਤੇ ਗੌਰ ਕਰਨ ਦਾ ਭਰੋਸਾ ਦੁਆਇਆ। ਸਿੰਧੀਆ ਨੇ ਪ੍ਰੋ. ਚੰਦੂਮਾਜਰਾ ਨੁੰ ਭਰੋਸਾ ਦੁਆਇਆ ਕਿ ਉਹਨਾਂ ਦੀ ਚੰਡੀਗੜ੍ਹ ਤੋਂ ਉੱਤਰਾਖੰਡ ਵਿਚ ਪੰਤਨਗਰ ਲਈ ਉਡਾਣ ਸ਼ੁਰੂ ਕੀਤੇ ਜਾਣ ਦੀ ਮੰਗ ਏਅਰਲਾਈਨਾਂ ਨਾਲ ਸਾਂਝੀ ਕਰ ਕੇ ਇਸ ’ਤੇ ਗੌਰ ਕਰਨ ਲਈ ਆਖਿਆ ਜਾਵੇਗਾ।

-PTC News

Related Post