Flood Relief : ਕਲਗੀਧਰ ਟਰਸਟ ਬੜੂ ਸਾਹਿਬ ਵੱਲੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਚ ਹੜ੍ਹ ਪੀੜਤਾਂ ਨੂੰ 13 ਘਰ ਕੀਤੇ ਸਪੁਰਦ
Kalgidhar Trust Baru Sahib Flood Relief : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹਨਾਂ ਨੇ ਬੀਬੀ ਵੀਰ ਕੌਰ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਨਵੇਂ ਘਰ ਦਾ ਉਦਘਾਟਨ ਕੀਤਾ।
Kalgidhar Trust Baru Sahib : ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਆਏ ਹੜਾਂ ਨੇ ਜਿੱਥੇ ਸੈਂਕੜੇ ਪਰਿਵਾਰਾਂ ਦੇ ਘਰ ਤਬਾਹ ਕਰ ਦਿੱਤੇ ਸਨ, ਉੱਥੇ ਹੁਣ ਕਲਗੀਧਰ ਟਰਸਟ ਬੜੂ ਸਾਹਿਬ ਵੱਲੋਂ ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਮੁੜ ਵਸਾਉਣ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ, ਕਲਗੀਧਰ ਟਰਸਟ ਦੇ ਆਗੂ ਕਾਕਾ ਸਿੰਘ ਅਤੇ ਵਿਦੇਸ਼ੀ ਡੋਨਰ ਜਸਪਾਲ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਅੱਜ 6 ਘਰ ਅੰਮ੍ਰਿਤਸਰ ਤੇ 7 ਘਰ ਗੁਰਦਾਸਪੁਰ ਵਿੱਚ ਸਮਰਪਿਤ ਕੀਤੇ ਗਏ। ਹੁਣ ਤੱਕ ਟਰਸਟ ਵੱਲੋਂ ਲਗਭਗ 35 ਘਰ ਤਿਆਰ ਕਰਕੇ ਹੜ ਪੀੜਤ ਪਰਿਵਾਰਾਂ ਨੂੰ ਸੌਂਪੇ ਜਾ ਚੁੱਕੇ ਹਨ।
ਕਲਗੀਧਰ ਟਰਸਟ ਦੇ ਆਗੂ ਕਾਕਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਜਦੋਂ ਵੀ ਪੰਜਾਬ ‘ਚ ਹੜ ਆਉਂਦੇ ਹਨ, ਸਾਡੀ ਸੰਸਥਾ ਜ਼ੀਰੋ ਲੈਵਲ ‘ਤੇ ਜਾ ਕੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੀ ਰਹੀ ਹੈ। ਅਸੀਂ ਪਹਿਲਾਂ ਹੀ 20 ਘਰ ਸੌਂਪ ਚੁੱਕੇ ਹਾਂ ਅਤੇ ਅੱਜ ਹੋਰ 15 ਘਰ ਤਿਆਰ ਕਰਕੇ ਦੇ ਰਹੇ ਹਾਂ। ਇਹ ਸੇਵਾ ਰੁਕਣ ਵਾਲੀ ਨਹੀਂ, ਸਗੋਂ ਤਦ ਤੱਕ ਜਾਰੀ ਰਹੇਗੀ ਜਦ ਤੱਕ ਹਰ ਪੀੜਤ ਪਰਿਵਾਰ ਮੁੜ ਆਪਣੇ ਘਰ ਵਿਚ ਨਹੀਂ ਵਸ ਜਾਂਦਾ।”
ਉਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਦੀ ਸੰਗਤ ਨੂੰ ਅਪੀਲ ਕੀਤੀ ਕਿ “ਆਓ, ਸਾਰੇ ਮਿਲ ਕੇ ਇੱਕ-ਇੱਕ ਘਰ ਦੀ ਜਿੰਮੇਵਾਰੀ ਲਵੋ, ਭਾਵੇਂ ਮਾਇਆ ਭੇਜ ਕੇ ਜਾਂ ਆਪ ਆ ਕੇ ਸੇਵਾ ਕਰਕੇ, ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਇਹਨਾਂ ਪਰਿਵਾਰਾਂ ਨੂੰ ਛੱਤ ਮੁਹੱਈਆ ਕਰਵਾਉਣ ਦੀ ਹੈ।”
ਅਮਰੀਕਾ ਤੋਂ ਆਏ ਡੋਨਰ ਜਸਪਾਲ ਸਿੰਘ ਸਿੱਧੂ, ਜੋ ਇੱਕ ਪ੍ਰਸਿੱਧ ਇੰਜੀਨੀਅਰ ਅਤੇ ਆਰਕੀਟੈਕਟ ਹਨ, ਨੇ ਦੱਸਿਆ ਕਿ ਉਹ 1999 ਤੋਂ ਬੜੂ ਸਾਹਿਬ ਸੰਸਥਾ ਨਾਲ ਜੁੜੇ ਹੋਏ ਹਨ ਅਤੇ ਹੁਣ ਤੱਕ 100 ਘਰਾਂ ਦੀ ਸੇਵਾ ਲਈ ਯੋਗਦਾਨ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ “ਇਹ ਘਰ ਸਿਰਫ ਚਾਰ ਤੋਂ ਪੰਜ ਦਿਨਾਂ ਵਿੱਚ ਤਿਆਰ ਕੀਤੇ ਜਾ ਰਹੇ ਹਨ, ਜੋ ਕਿ ਬਹੁਤ ਮਜ਼ਬੂਤ ਅਤੇ ਵਾਤਾਵਰਨ-ਅਨੁਕੂਲ ਹਨ। ਹਰ ਘਰ ਦੀ ਲਾਗਤ ਲਗਭਗ ਸਾਢੇ ਛੇ ਲੱਖ ਰੁਪਏ ਹੈ, ਜਿਸ ਨਾਲ ਹੜ ਪੀੜਤ ਪਰਿਵਾਰਾਂ ਲਈ ਇਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ।”
ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ “ਜਿਵੇਂ ਸਾਰਾ ਭਾਈਚਾਰਾ ਇਕੱਠਾ ਹੋ ਕੇ ਸੇਵਾ ਵਿੱਚ ਜੁਟਿਆ, ਉਹ ਬੇਮਿਸਾਲ ਉਦਾਹਰਣ ਹੈ—ਕਿਸੇ ਨੇ ਲੰਗਰ ਲਿਆਂਦਾ, ਕਿਸੇ ਨੇ ਦਵਾਈ, ਕਿਸੇ ਨੇ ਟਰੈਕਟਰ ਤੇ ਪਾਣੀ। ਇਹੀ ਸਿੱਖੀ ਦੀ ਰੂਹ ਹੈ।”
ਪਿੰਡ ਲਾਲ ਵਾਲੇ ਦੀ ਰਹਿਣ ਵਾਲੀ ਮਨਜੀਤ ਕੌਰ, ਜਿਸਦਾ ਘਰ ਹੜ ਵਿਚ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਸੀ, ਨੇ ਕਿਹਾ, “ਬਾਬਾ ਜੀ ਤੇ ਸੇਵਾਦਾਰਾਂ ਦਾ ਧੰਨਵਾਦ ਜਿਹੜੇ ਸਾਡੇ ਲਈ ਨਵਾਂ ਘਰ ਬਣਾਇਆ। ਪਹਿਲਾਂ ਅਸੀਂ ਤਰਪਾਲਾਂ ਹੇਠ ਰਹਿ ਰਹੇ ਸੀ, ਪਰ ਹੁਣ ਸਾਨੂੰ ਛੱਤ ਮਿਲ ਗਈ ਹੈ, ਰਸੋਈ ਤੋਂ ਲੈ ਕੇ ਬੈਡ ਤੱਕ ਸਾਰਾ ਸਮਾਨ ਦਿੱਤਾ ਗਿਆ ਹੈ। ਬਾਬਾ ਜੀ ਨੇ ਸਾਡੀ ਜ਼ਿੰਦਗੀ ਮੁੜ ਵਸਾ ਦਿੱਤੀ।”
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹਨਾਂ ਨੇ ਬੀਬੀ ਵੀਰ ਕੌਰ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਨਵੇਂ ਘਰ ਦਾ ਉਦਘਾਟਨ ਕੀਤਾ। ਗਿਆਨੀ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਨਾਲ ਜਾਨੀ ਤੇ ਮਾਲੀ ਦੋਵੇਂ ਤਰ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ - ਪਸ਼ੂਆਂ, ਫਸਲਾਂ ਤੇ ਘਰਾਂ ਦਾ ਤਬਾਹ ਹੋਣਾ ਇਕ ਵੱਡੀ ਤ੍ਰਾਸਦੀ ਹੈ। ਉਹਨਾਂ ਨੇ ਕਿਹਾ ਕਿ ਕਲਗੀਧਰ ਟਰਸਟ ਬੜੂ ਸਾਹਿਬ ਵੱਲੋਂ ਸੰਤ ਬਾਬਾ ਜਿੰਦਰ ਸਿੰਘ ਜੀ ਦੀ ਅਗਵਾਈ ਹੇਠ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ 36 ਘਰ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਈ ਘਰ ਪੀੜਤ ਪਰਿਵਾਰਾਂ ਨੂੰ ਸੌਂਪੇ ਜਾ ਚੁੱਕੇ ਹਨ। ਹਰ ਘਰ ਸਿਰਫ਼ 24 ਘੰਟਿਆਂ ਦੇ ਅੰਦਰ ਤਿਆਰ ਕੀਤਾ ਜਾ ਸਕਦਾ ਹੈ, ਜਿਸ ਨਾਲ ਪੁਨਰਵਸਾਏ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।