ਦਰਦਨਾਕ: ਬਿਆਸ ਦਰਿਆ ਚ ਡੁੱਬਣ ਨਾਲ 2 ਮਾਸੂਮ ਬੱਚਿਆਂ ਦੀ ਹੋਈ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੂਰਾ ਹਾਲ

ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਵਿੱਖੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਅੱਜ ਬੰਨ੍ਹ ਬੰਨਣ ਦੀ ਸੇਵਾ ਚੱਲ ਰਹੀ ਸੀ। ਜਿਸ ਦੌਰਾਨ ਪਿੰਡ ਰਾਮਪੁਰ ਗੌਰੇ ਦੇ ਦੋ ਪਰਿਵਾਰਾਂ ਦੇ 2 ਮਾਸੂਮ ਬੱਚੇ ਸ਼ਾਮ ਦੇ ਸਮੇਂ ਖੇਡਦੇ ਖੇਡਦੇ ਦਰਿਆ ਬਿਆਸ ਦੇ ਪਾਣੀ ਵਿੱਚ ਡੁੱਬ ਗਏ। ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਹੈ।
ਜਿਨ੍ਹਾਂ ਨੂੰ ਬੜੀ ਮੁਸ਼ੱਕਤ ਦੇ ਬਾਅਦ ਪਿੰਡ ਵਾਸੀਆਂ ਵੱਲੋਂ ਪਾਣੀ ਵਿੱਚੋਂ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਦਾ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸੌਗ ਦੀ ਲਹਿਰ ਹੈ।
ਮ੍ਰਿਤਕਾਂ ਦੀ ਪਹਿਚਾਨ ਗੁਰਬੀਰ ਸਿੰਘ ਗੋਰਾ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਰਾਮ ਗੌਰੇ ਅਤੇ ਸਮਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਵਜੋਂ ਹੋਈ ਹੈ। ਉੱਥੇ ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਪਰਿਵਾਰ ਵਾਲਿਆਂ ਨੇ ਸਰਕਾਰ ਨੂੰ ਫੇਲ੍ਹ ਦੱਸਿਆ ਹੈ ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਕਾਰਨ ਸਾਡੇ ਬੱਚੇ ਨਹੀਂ ਰਹੇ ਹਨ । ਉਨ੍ਹਾਂ ਨੇ ਸਰਕਾਰ ਦੇ ਖਿਲਾਫ਼ ਰੋਸ ਵੀ ਜਾਹਿਰ ਕੀਤਾ। ਦੱਸ ਦਈਏ ਕਿ ਇਹ ਪਿੰਡ ਪਿਛਲੇ 2 ਮਹੀਨੇ ਹੜ੍ਹ ਦੀ ਮਾਰ ਝੱਲ ਰਹੇ ਹਨ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।