Jalandhar News : ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ ਨੇ ਦੁਕਾਨ 'ਚ ਵੜ ਕੇ ਕੀਤੀ ਭੰਨਤੋੜ ਤੇ ਕੁੱਟਮਾਰ, ਆਰਡਰ 'ਚ ਦੇਰੀ ਕਾਰਨ ਪੈਦਾ ਹੋਇਆ ਵਿਵਾਦ
Jalandhar News : ਜਲੰਧਰ ਵਿੱਚ ਮਿਲਾਪ ਚੌਕ 'ਤੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ ਨੇ ਚਾਪ ਦੀ ਦੁਕਾਨ ਵਿੱਚ ਵੜ ਕੇ ਖੁੱਲ੍ਹੇਆਮ ਤਲਵਾਰਾਂ ਲਹਿਰਾਈਆਂ ਤੇ ਭੰਨਤੋੜ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੁਕਾਨ ਉਪਰ ਬੈਠੇ ਮਾਲਕਾਂ ਦੀ ਕੁੱਟਮਾਰ ਵੀ ਕੀਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਭੱਜ ਗਏ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਹਮਲਾਵਰਾਂ ਨੇ ਆਰਡਰ ਵਿਚ ਦੇਰੀ ਕਾਰਨ ਬਹਿਸ ਮਗਰੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਦੁਕਾਨਦਾਰ ਨੇ ਕਿਹਾ ਕਿ ਹਮਲਾਵਰਾਂ ਨੇ ਆਰਡਰ ਵਿੱਚ ਦੇਰੀ ਕਾਰਨ ਹਮਲਾ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਥਾਣਾ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਹੈ। ਇਸ ਦੇ ਬਾਵਜੂਦ ਹਮਲਾਵਰਾਂ ਨੇ ਨੰਗੀਆਂ ਤਲਵਾਰਾਂ ਲਹਿਰਾਈਆਂ।
ਜਾਣਕਾਰੀ ਅਨੁਸਾਰ ਬੀਤੇ ਦਿਨੀ ਚਾਰ ਨੌਜਵਾਨ ਚਾਪ ਖਾਣ ਲਈ ਉਸਦੀ ਦੁਕਾਨ 'ਤੇ ਆਏ ਅਤੇ ਆਰਡਰ ਵਿੱਚ ਦੇਰੀ ਨੂੰ ਲੈ ਕੇ ਉਹ ਦੁਕਾਨਦਾਰ ਨਾਲ ਬਹਿਸ ਕਰਨ ਲੱਗ ਪਏ। ਦੁਕਾਨਦਾਰ ਅਨੁਸਾਰ ਬਹਿਸ ਤੋਂ ਬਾਅਦ ਮਾਮਲਾ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਬੀਤੇ ਕੱਲ 12 ਤੋਂ 15 ਨੌਜਵਾਨ ਆਏ ਅਤੇ ਦੁਕਾਨ 'ਤੇ ਮੌਜੂਦ ਮੇਰੇ ਅਤੇ ਮੇਰੇ ਭਰਾਵਾਂ 'ਤੇ ਹਮਲਾ ਕਰ ਦਿੱਤਾ।
ਪੀੜਤ ਦਾ ਕਹਿਣਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸਨੂੰ ਕਿਸ਼ਨਪੁਰਾ ਦੇ ਇੱਕ ਵਿਅਕਤੀ ਦਾ ਫੋਨ ਵੀ ਆਇਆ ਸੀ। ਫੋਨ 'ਤੇ ਉਸ ਵਿਅਕਤੀ ਨੇ ਉਸਨੂੰ ਦੁਕਾਨ ਤੋਂ ਸਾਇਡ 'ਤੇ ਹੋਣ ਲਈ ਕਿਹਾ ਸੀ ਕਿਉਂਕਿ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਲਈ ਉਸਦੀ ਦੁਕਾਨ 'ਤੇ ਆ ਰਹੇ ਹਨ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਤਿੰਨ ਪੀੜਤ ਭਰਾਵਾਂ ਦੇ ਬਿਆਨ ਦਰਜ ਕੀਤੇ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਲਦੀ ਹੀ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਰਾਹੁਲ ਨੇ ਦੱਸਿਆ ਕਿ ਦੁਕਾਨਦਾਰ ਨਾਲ ਆਰਡਰ ਵਿੱਚ ਦੇਰੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਸਬੰਧੀ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਸਾਰਿਆਂ ਦੇ ਹੱਥਾਂ ਵਿੱਚ ਤਲਵਾਰਾਂ ਸਨ।
- PTC NEWS