Ahmedabad Plane Crash : ਜਾਨ ਗੁਆਉਣ ਵਾਲਿਆਂ ਦੇ ਪੀੜਤਾਂ ਨੂੰ ਮਿਲੇਗਾ 1-1 ਕਰੋੜ ਰੁਪਏ ਮੁਆਵਜ਼ਾ, ਟਾਟਾ ਗਰੁੱਪ ਨੇ ਕੀਤਾ ਐਲਾਨ
Air India Plane Crash Update : ਏਅਰ ਇੰਡੀਆ ਦਾ ਲੰਡਨ ਜਾਣ ਵਾਲਾ ਜਹਾਜ਼ ਵੀਰਵਾਰ (12 ਜੂਨ) ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਦੇ ਨੇੜੇ ਮੇਘਨਾਨੀ ਨਗਰ ਇਲਾਕੇ ਵਿੱਚ ਟੇਕਆਫ ਤੋਂ ਕੁਝ ਪਲ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 12 ਚਾਲਕ ਦਲ ਦੇ ਮੈਂਬਰ (ਦੋ ਪਾਇਲਟਾਂ ਸਮੇਤ) ਸ਼ਾਮਲ ਸਨ। ਟਾਟਾ ਗਰੁੱਪ (TaTa Group) ਨੇ ਐਲਾਨ ਕੀਤਾ ਹੈ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਦੱਸ ਦੇਈਏ ਕਿ ਏਅਰ ਇੰਡੀਆ ਟਾਟਾ ਗਰੁੱਪ ਦੀ ਮਲਕੀਅਤ ਹੈ।
ਟਾਟਾ ਸੰਨਜ਼ (TaTa Sons) ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਅਸੀਂ ਏਅਰ ਇੰਡੀਆ ਫਲਾਈਟ 171 ਨਾਲ ਸਬੰਧਤ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ। ਇਸ ਸਮੇਂ ਅਸੀਂ ਜੋ ਦੁੱਖ ਮਹਿਸੂਸ ਕਰ ਰਹੇ ਹਾਂ ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਡੀਆਂ ਸੰਵੇਦਨਾ ਅਤੇ ਪ੍ਰਾਰਥਨਾਵਾਂ ਉਨ੍ਹਾਂ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਅਤੇ ਜੋ ਜ਼ਖਮੀ ਹੋਏ ਹਨ।"
ਟਾਟਾ ਗਰੁੱਪ ਨੇ ਐਲਾਨ ਕੀਤਾ ਹੈ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਟਾਟਾ ਗਰੁੱਪ ਜ਼ਖਮੀ ਯਾਤਰੀਆਂ ਦੇ ਇਲਾਜ ਦਾ ਸਾਰਾ ਖਰਚਾ ਚੁੱਕੇਗਾ ਅਤੇ ਉਨ੍ਹਾਂ ਨੂੰ ਸਾਰੀਆਂ ਜ਼ਰੂਰੀ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਟਾਟਾ ਗਰੁੱਪ ਅਹਿਮਦਾਬਾਦ ਵਿੱਚ ਬੀਜੇ ਮੈਡੀਕਲ ਕਾਲਜ ਦੇ ਹੋਸਟਲ ਨੂੰ ਦੁਬਾਰਾ ਬਣਾਉਣ ਵਿੱਚ ਵੀ ਮਦਦ ਕਰੇਗਾ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
ਏਅਰ ਇੰਡੀਆ ਨੇ ਸੋਸ਼ਲ ਮੀਡੀਆ ਹੈਂਡਲ ਅਤੇ ਵੈੱਬਸਾਈਟ ਨੂੰ ਕੀਤਾ ਬਲੈਕ
ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਸੰਵੇਦਨਾ ਪ੍ਰਗਟ ਕਰਦੇ ਹੋਏ, ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਇੰਸਟਾਗ੍ਰਾਮ ਅਤੇ ਐਕਸ ਵਰਗੇ ਸੋਸ਼ਲ ਮੀਡੀਆ ਹੈਂਡਲ ਅਤੇ ਵੈੱਬਸਾਈਟ ਨੂੰ ਕਾਲਾ ਕਰ ਦਿੱਤਾ ਹੈ। ਏਅਰ ਇੰਡੀਆ ਨੇ ਆਪਣੇ ਅਧਿਕਾਰਤ ਐਕਸ ਅਤੇ ਇੰਸਟਾਗ੍ਰਾਮ ਹੈਂਡਲ 'ਤੇ 'ਲੋਗੋ' ਨੂੰ ਕਾਲਾ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਵੈੱਬਸਾਈਟ ਦੇ ਹੋਮ ਪੇਜ 'ਤੇ 'ਏਆਈ 171' ਨੂੰ ਕਾਲੇ ਥੀਮ ਨਾਲ ਚਿੰਨ੍ਹਿਤ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ, ਏਅਰ ਇੰਡੀਆ ਨੇ ਏਆਈ-171 ਲਈ ਐਮਰਜੈਂਸੀ ਹੈਲਪਲਾਈਨ ਨੰਬਰ 1800 5691 444 ਜਾਰੀ ਕੀਤਾ ਹੈ।
- PTC NEWS