Ahmedabad Plane Crash : ''ਜਦੋਂ ਹੋਸ਼ ਆਇਆ, ਤਾਂ ਆਲੇ-ਦੁਆਲੇ ਲਾਸ਼ਾਂ ਸਨ'' ਵਿਸ਼ਵਾਸ ਨੇ ਬਿਆਨ ਕੀਤਾ ਜਹਾਜ਼ ਹਾਦਸੇ ਦਾ ਖੌਫਨਾਕ ਮੰਜਰ, ਜਿੰਦਾ ਬਚੇ 2 ਯਾਤਰੀ
Ahmedabad Plane Crash : ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਇੱਕ ਚਮਤਕਾਰੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਅਜੇ ਤੱਕ ਦੋ ਯਾਤਰੀਆਂ ਦੇ ਜਿੰਦਾ ਬਚਣ ਦੀ ਖ਼ਬਰ ਹੈ। ਇਨ੍ਹਾਂ ਵਿਚੋਂ ਇੱਕ ਵਿਸ਼ਵਾਸ਼ ਕੁਮਾਰ, ਸੀਟ ਨੰਬਰ 11A 'ਤੇ ਸਫ਼ਰ ਕਰ ਰਿਹਾ ਸੀ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਰ ਨਾਲ ਹੀ ਉਸ ਦੇ ਭਰਾ ਦਾ ਕੋਈ ਸੁਰਾਗ ਨਹੀਂ ਹੈ। ਏਅਰ ਇੰਡੀਆ ਜਹਾਜ਼ ਹਾਦਸੇ ਤੋਂ ਬਾਅਦ ਯਾਤਰੀਆਂ ਦੇ ਪਰਿਵਾਰਕ ਮੈਂਬਰ ਅਹਿਮਦਾਬਾਦ ਦੇ ਅਸਾਰਵਾ ਦੇ ਸਿਵਲ ਹਸਪਤਾਲ ਵਿੱਚ ਇਕੱਠੇ ਹੋ ਰਹੇ ਹਨ, ਤਾਂ ਜੋ ਆਪਣੇ ਪਰਿਵਾਰਕ ਮੈਂਬਰਾਂ ਦੀ ਉਘ-ਸੁੱਘ ਲਈ ਜਾ ਸਕੇ।
ਏਅਰ ਇੰਡੀਆ ਦੇ ਜਹਾਜ਼ 'ਚ ਸਵਾਰ ਸਨ 242 ਯਾਤਰੀ
ਏਅਰ ਇੰਡੀਆ ਬੋਇੰਗ 787-8 ਡ੍ਰੀਮਲਾਈਨਰ ਜਹਾਜ਼, ਜਿਸ ਵਿੱਚ 242 ਲੋਕ (ਚਾਲਕ ਦਲ ਸਮੇਤ) ਸਨ, ਨੇ ਵੀਰਵਾਰ ਨੂੰ ਦੁਪਹਿਰ 1:39 ਵਜੇ ਉਡਾਣ ਭਰੀ ਅਤੇ ਹਾਦਸਾਗ੍ਰਸਤ ਹੋ ਗਿਆ ਅਤੇ ਥੋੜ੍ਹੀ ਦੇਰ ਬਾਅਦ ਅੱਗ ਵਿੱਚ ਫਟ ਗਿਆ। ਏਅਰ ਇੰਡੀਆ ਦੇ ਅਨੁਸਾਰ, ਜਹਾਜ਼ ਵਿੱਚ 230 ਯਾਤਰੀ - 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ ਅਤੇ 1 ਕੈਨੇਡੀਅਨ ਨਾਗਰਿਕ ਸਵਾਰ ਸਨ।
'ਜਦੋਂ ਹੋਸ਼ ਆਇਆ ਤਾਂ ਲਾਸ਼ਾਂ ਨਾਲ ਘਿਰਿਆ ਹੋਇਆ ਸੀ'
ਵਿਸ਼ਵਾਸ, ਜੋ ਪਿਛਲੇ 20 ਸਾਲਾਂ ਤੋਂ ਲੰਡਨ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ, ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ ਅਤੇ ਆਪਣੇ ਵੱਡੇ ਭਰਾ ਅਜੈ ਕੁਮਾਰ ਰਮੇਸ਼ (45) ਨਾਲ ਲੰਡਨ ਵਾਪਸ ਆ ਰਿਹਾ ਸੀ। ਉਸਨੇ ਕਿਹਾ, “ਜਦੋਂ ਮੈਨੂੰ ਹੋਸ਼ ਆਇਆ, ਤਾਂ ਮੇਰੇ ਆਲੇ-ਦੁਆਲੇ ਲਾਸ਼ਾਂ ਸਨ। ਮੈਂ ਡਰ ਗਿਆ। ਮੈਂ ਉੱਠਿਆ ਅਤੇ ਭੱਜਣਾ ਸ਼ੁਰੂ ਕਰ ਦਿੱਤਾ। ਜਹਾਜ਼ ਦੇ ਟੁਕੜੇ ਹਰ ਪਾਸੇ ਖਿੰਡੇ ਹੋਏ ਸਨ। ਕਿਸੇ ਨੇ ਮੈਨੂੰ ਫੜ ਲਿਆ ਅਤੇ ਐਂਬੂਲੈਂਸ ਵਿੱਚ ਬਿਠਾ ਕੇ ਹਸਪਤਾਲ ਲੈ ਆਇਆ।”
ਭਰਾ ਦਾ ਨਹੀਂ ਕੋਈ ਸੁਰਾਗ਼
ਉਸ ਕੋਲ ਅਜੇ ਵੀ ਬੋਰਡਿੰਗ ਪਾਸ ਹੈ। ਉਸਨੇ ਕਿਹਾ ਕਿ ਉਸਦਾ ਭਰਾ ਅਜੈ ਇੱਕ ਵੱਖਰੀ ਕਤਾਰ ਵਿੱਚ ਬੈਠਾ ਸੀ। “ਅਸੀਂ ਯਾਤਰਾ ਲਈ ਦੀਵ ਗਏ ਸੀ। ਉਹ ਮੇਰੇ ਨਾਲ ਯਾਤਰਾ ਕਰ ਰਿਹਾ ਸੀ, ਪਰ ਹੁਣ ਉਹ ਲਾਪਤਾ ਹੈ। ਕਿਰਪਾ ਕਰਕੇ ਮੇਰੀ ਮਦਦ ਕਰੋ,” ਵਿਸ਼ਵਾਸ ਨੇ ਇੱਕ ਭਾਵੁਕ ਅਪੀਲ ਕੀਤੀ।
ਨਿਊਜ਼ ਏਜੰਸੀ ਏਐਨਆਈ ਨੇ ਪੁਲਿਸ ਕਮਿਸ਼ਨਰ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਕੁਮਾਰ, ਜੋ ਜਹਾਜ਼ ਦੀ ਸੀਟ ਨੰਬਰ 11-ਏ 'ਤੇ ਬੈਠੇ ਸਨ, ਬਚ ਗਏ ਹਨ। ਉਨ੍ਹਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇੱਕ ਹੋਰ ਬਚਿਆ ਯਾਤਰੀ ਹਸਪਤਾਲ ਵਿੱਚ ਦਾਖਲ ਹੈ।
ਹਾਲਾਂਕਿ, ਪ੍ਰਸ਼ਾਸਨ ਨੇ ਅਜੇ ਤੱਕ ਮ੍ਰਿਤਕਾਂ ਅਤੇ ਬਚੇ ਲੋਕਾਂ ਦੀ ਪੂਰੀ ਸੂਚੀ ਜਾਰੀ ਨਹੀਂ ਕੀਤੀ ਹੈ। ਰਾਹਤ ਅਤੇ ਪਛਾਣ ਦਾ ਕੰਮ ਲਗਾਤਾਰ ਜਾਰੀ ਹੈ।
- PTC NEWS