ਜ਼ਮੀਨਦੋਜ ਹੋ ਰਹੇ ਜੋਸ਼ੀਮਠ 'ਚੋਂ 4000 ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਇਆ

By  Ravinder Singh January 10th 2023 10:58 AM

ਜੋਸ਼ੀਮਠ : ਉੱਤਰਾਖੰਡ ਦਾ ਜੋਸ਼ੀਮਠ ਸ਼ਹਿਰ ਹੌਲੀ-ਹੌਲੀ ਜ਼ਮੀਨਦੋਜ ਹੋ ਰਿਹਾ ਹੈ। ਘਰਾਂ, ਮੰਦਰਾਂ, ਹਸਪਤਾਲਾਂ, ਫੌਜ ਦੀਆਂ ਇਮਾਰਤਾਂ ਅਤੇ ਇੱਥੋਂ ਤੱਕ ਕਿ ਸੜਕਾਂ ਵਿੱਚ ਵੀ ਦਰਾਰਾਂ ਪੈ ਗਈਆਂ ਹਨ। ਹੌਲੀ-ਹੌਲੀ ਇਹ ਸਭ ਜ਼ਮੀਨ ਦੇ ਅੰਦਰ ਲੀਨ ਹੋ ਰਿਹਾ ਹੈ। ਇਸ ਖਤਰੇ ਦੇ ਮੱਦੇਨਜ਼ਰ ਸੈਟੇਲਾਈਟ ਰਾਹੀਂ ਸਰਵੇਖਣ ਕੀਤਾ ਗਿਆ। ਇਸ ਦੇ ਨਾਲ ਹੀ ਸੈਟੇਲਾਈਟ ਰਾਹੀਂ ਨੁਕਸਾਨੇ ਗਏ ਘਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ 4,000 ਲੋਕਾਂ ਨੂੰ 600 ਘਰਾਂ ਨੂੰ ਖਾਲੀ ਕਰਵਾ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ ਹੈ। ਸ਼ਹਿਰ ਦੇ ਸਾਰੇ ਘਰ ਜੋ ਅਸੁਰੱਖਿਅਤ ਹਨ, ਉਨ੍ਹਾਂ ਨੂੰ ਢਾਹੁਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਜਾਵੇਗਾ।


ਜ਼ਿਲ੍ਹਾ ਪ੍ਰਸ਼ਾਸਨ ਨੇ ਧੱਸਦੇ ਸ਼ਹਿਰ ਦੇ 200 ਤੋਂ ਵੱਧ ਘਰਾਂ 'ਤੇ ਰੈੱਡ ਕਰਾਸ ਦੇ ਨਿਸ਼ਾਨ ਲਗਾ ਦਿੱਤੇ ਹਨ, ਜੋ ਕਿ ਰਹਿਣ ਲਈ ਬੇਹੱਦ ਅਸੁਰੱਖਿਅਤ ਹਨ। ਇਨ੍ਹਾਂ ਅਸੁਰੱਖਿਅਤ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਅਗਲੇ ਛੇ ਮਹੀਨਿਆਂ ਲਈ 4,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਕਾਬਿਲੇਗੌਰ ਹੈ ਕਿ ਬਦਰੀਨਾਥ ਧਾਮ ਤੋਂ ਸਿਰਫ਼ 50 ਕਿਲੋਮੀਟਰ ਦੂਰ ਜ਼ਮੀਨ ਧੱਸਣ ਕਾਰਨ ਜੋਸ਼ੀਮਠ ਵਿਚ ਇਕ ਮੰਦਰ ਢਹਿ ਗਿਆ ਸੀ। ਇੱਥੇ ਪਹਿਲਾਂ ਹੀ ਸਾਰੇ 9 ਵਾਰਡਾਂ ਨੂੰ ਖਤਰਨਾਕ ਐਲਾਨਿਆ ਜਾ ਚੁੱਕਾ ਹੈ। ਇਨ੍ਹਾਂ ਵਾਰਡਾਂ ਵਿੱਚ 603 ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਇਹ ਤਰੇੜਾਂ ਦਿਨੋਂ-ਦਿਨ ਚੌੜੀਆਂ ਹੁੰਦੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਕੜਾਕੇ ਦੀ ਠੰਢ ਨੇ ਛੇੜੀ ਕੰਬਣੀ, ਸੰਘਣੀ ਧੁੰਦ ਕਾਰਨ ਪੰਜਾਬ 'ਚ ਜਨਜੀਵਨ ਹੋਇਆ ਪ੍ਰਭਾਵਿਤ

ਦੋ ਦਰਜਨ ਤੋਂ ਵੱਧ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਸਥਿਤੀ ਦਾ ਜਾਇਜ਼ਾ ਲੈਣ ਤੇ ਸੁਰੱਖਿਆ ਲਈ ਉਪਾਅ ਸੁਝਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਅੱਜ ਜੋਸ਼ੀਮਠ ਜਾ ਰਹੇ ਹਨ।

Related Post