Punjab ’ਚ ਦੀਵਾਲੀ ਵਾਲੀ ਰਾਤ ਕਈ ਥਾਵਾਂ ’ਤੇ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਮਿਲੀ ਜਾਣਕਾਰੀ ਮੁਤਾਬਿਕ ਅੱਗ ਦੇ ਕਾਰਨ ਦਾ ਹਜੇ ਤੱਕ ਪਤਾ ਨਹੀਂ ਲੱਗਿਆ, ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਅਤੇ ਫਾਇਰ ਟੈਂਡਰ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ।

By  Aarti October 21st 2025 12:59 PM

Fire Incident In Punjab : ਦੀਵਾਲੀ ਵਾਲੀ ਰਾਤ ਨੂੰ ਪੰਜਾਬ ਦੇ ਕਈ ਥਾਵਾਂ ’ਤੇ ਭਿਆਨਕ ਅੱਗ ਲੱਗੀ। ਸੂਬੇ ਦੇ ਦੋ ਜ਼ਿਲ੍ਹੇ ਲੁਧਿਆਣਾ ਤੇ ਬਠਿੰਡਾ ’ਚ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਕਸਬਾ ਬਟਾਲਾ ’ਚ ਵੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਗਣੀਮਤ ਇਹ ਰਹੀ ਕਿ ਇਸ ਭਿਆਨਕ ਅੱਗ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਲੁਧਿਆਣਾ ’ਚ ਵੁਲਨ ਵੈਸਟ ਨੂੰ ਲੱਗੀ ਅੱਗ

ਬੀਤੀ ਦੇਰ ਰਾਤ ਲੁਧਿਆਣਾ ਦੀ ਸਟਾਰ ਸਿਟੀ ਕਲੋਨੀ ਵਿੱਚ ਪਟਾਕਿਆਂ ਕਾਰਨ ਵੁਲਨ ਵੈਸਟ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਪੂਰੇ ਆਂਢ-ਗੁਆਂਢ ਵਿੱਚ ਦਹਿਸ਼ਤ ਫੈਲ ਗਈ। ਲੋਕ ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਰਹੇ। ਫਾਇਰ ਬ੍ਰਿਗੇਡ ਨੂੰ ਘਟਨਾ ਸਥਾਨ 'ਤੇ ਪਹੁੰਚਣ ਵਿੱਚ ਇੱਕ ਘੰਟੇ ਤੋਂ ਵੱਧ ਸਮਾਂ ਲੱਗ ਗਿਆ।

ਦੱਸ ਦਈਏ ਕਿ ਲੋਕਾਂ ਨੂੰ ਅੱਗ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਆਂਢ-ਗੁਆਂਢ ਦੇ ਵਸਨੀਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਅਰਥ ਸਾਬਤ ਹੋਈਆਂ। ਸਾਵਧਾਨੀ ਵਜੋਂ, ਨੇੜਲੇ ਘਰਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ। 

ਫਾਇਰ ਬ੍ਰਿਗੇਡ ਨੇ ਬਹੁਤ ਜੱਦੋ-ਜਹਿਦ ਕੀਤੀ। ਜਦੋਂ ਤੱਕ ਫਾਇਰ ਬ੍ਰਿਗੇਡ ਲਗਭਗ ਇੱਕ ਘੰਟੇ ਬਾਅਦ ਮੌਕੇ 'ਤੇ ਪਹੁੰਚੀ, ਉਦੋਂ ਤੱਕ ਗੋਦਾਮ ਵਿੱਚ ਸਟੋਰ ਕੀਤੇ ਸਾਰੇ ਉੱਨ ਦੇ ਕੂੜੇ ਨੂੰ ਅੱਗ ਲੱਗ ਚੁੱਕੀ ਸੀ। ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਸਖ਼ਤ ਜੱਦੋ-ਜਹਿਦ ਕਰਨੀ ਪਈ। ਦੇਰ ਰਾਤ ਤੱਕ ਚਾਰ ਤੋਂ ਪੰਜ ਫਾਇਰ ਟੈਂਡਰ ਅੱਗ ਬੁਝਾਉਣ ਵਿੱਚ ਲੱਗੇ ਹੋਏ ਸਨ।

ਬਠਿੰਡਾ ਦੀ ਫਰਨੀਚਰ ਫੈਕਟਰੀ ’ਚ ਲੱਗੀ ਅੱਗ 

ਮਾਮਲਾ ਬਠਿੰਡਾ ਦੇ ਉੱਦਮ ਸਿੰਘ ਨਗਰ ਦਾ ਜਿੱਥੇ ਬੀਤੀ ਰਾਤ ਰਿਹਾਇਸ਼ੀ ਏਰੀਏ ਵਿੱਚ ਬਣੀ ਇੱਕ ਫਰਨੀਚਰ ਦੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਪੰਜ ਛੇ ਮਜ਼ਦੂਰ ਵੀ ਰਹਿੰਦੇ ਸਨ ਪਰ ਕਿਸੇ ਤਰ੍ਹਾਂ ਦਾ ਕੋਈ ਜਾਨ ਨੁਕਸਾਨ ਨਹੀਂ ਹੋਇਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਅੱਗ ਦੇ ਕਾਰਨ ਦਾ ਹਜੇ ਤੱਕ ਪਤਾ ਨਹੀਂ ਲੱਗਿਆ, ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਅਤੇ ਫਾਇਰ ਟੈਂਡਰ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਦੱਸ ਦਈਏ ਕਿ ਬਠਿੰਡਾ ਨਗਰ ਨਿਗਮ ਦੀ ਮੇਅਰ ਪਦਮਜੀਤ ਮਹਿਤਾ ਡੀਐਸਪੀ ਸਿਟੀ ਵਨ ਐਸਐਚਓ ਕੈਨਾਲ ਕਲੋਨੀ ਅਤੇ ਏਡੀਸੀ ਪੂਨਮ ਸਿੰਘ ਵੀ ਮੌਕੇ ਵਾਲੀ ਜਗ੍ਹਾ ਤੇ ਪਹੁੰਚੇ ਉਹਨਾਂ ਵੱਲੋਂ ਅੱਗ ਪ੍ਰਭਾਵ ਦੇ ਏਰੀਏ ਦਾ ਜਾਇਜ਼ਾ ਵੀ ਲਿਆ ਗਿਆ।  

ਦੱਸਣਯੋਗ ਹੈ ਕਿ ਅੱਗ ਇੰਨੀ ਕੁ ਭਿਆਨਕ ਸੀ ਕਿ ਅੱਗ ਲੱਗਣ ਦੇ ਕਾਰਨ ਕੰਧਾਂ ਇੰਨੀਆਂ ਜਿਆਦਾ ਸੜ ਗਈਆ ਕਿ ਗੁਆਂਢੀਆਂ ਦੀਆਂ ਕੰਧਾਂ ਦੇ ਵਿੱਚ ਵੀ ਤਰੇੜਾਂ ਆ ਗਈਆਂ ਅਤੇ ਉਨ੍ਹਾਂ ਨੂੰ ਆਪਣਾ ਸਾਰਾ ਸਮਾਨ ਬਾਹਰ ਕੱਢਣਾ ਪਿਆ। ਦੂਜੇ ਪਾਸੇ ਮੁਹੱਲਾ ਨਿਵਾਸੀਆਂ ਵੱਲੋਂ ਇਸ ਦਾ ਇਤਰਾਜ਼ ਜਤਾਇਆ ਜਾ ਰਿਹਾ ਹੈ। ਕਿ ਇਹ ਰਿਹਾਇਸ਼ੀ ਏਰੀਏ ਦੇ ਵਿੱਚ ਫੈਕਟਰੀ ਲੱਗੀ ਹੋਈ ਹੈ ਅਤੇ ਦੂਜੀ ਵਾਰ ਇਸ ਦੇ ਵਿੱਚ ਅੱਗ ਲੱਗ ਚੁੱਕੀ ਹੈ ਅਤੇ ਇਸ ਫੈਕਟਰੀ ਦੇ ਵਿੱਚ 20 ਤੋਂ 25 ਸਿਲੰਡਰ ਵੀ ਪਏ ਸਨ ਜਿਸ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ। 

ਬਟਾਲਾ ’ਚ ਕਬਾੜ ਦੇ ਗੋਦਾਮ ਨੂੰ ਲੱਗੀ ਅੱਗ

ਬਟਾਲਾ ਦੇ ਰਿਹਾਇਸ਼ੀ ਇਲਾਕੇ ’ਚ ਕਬਾੜ ਦੇ ਵੱਡੇ ਗੁਦਾਮ ’ਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਊ ਅਮਲੇ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। 

ਇਹ ਵੀ ਪੜ੍ਹੋ : Punjab ’ਚ ਦਹਿਲਾਉਣ ਦੀ ਵੱਡੀ ਕੋਸ਼ਿਸ਼ ਨਾਕਾਮ; RPG ਐਂਟੀ ਟੈਂਕ ਰਾਕੇਟ ਲਾਂਚਰ ਸਣੇ 2 ਵਿਅਕਤੀ ਕਾਬੂ

Related Post