Punjab Toxic Gas Leak News : ਸ੍ਰੀ ਫਤਿਹਗੜ੍ਹ ਸਾਹਿਬ ’ਚ ਸਲਫਾਸ ਦੀਆਂ ਗੋਲੀਆਂ ’ਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਵਾਪਰਿਆ ਵੱਡਾ ਹਾਦਸਾ

ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਘਰ ਦੇ ਸਟੋਰ ਵਿੱਚ ਕਣਕ ਨੂੰ ਸੁਰੱਖਿਅਤ ਰੱਖਣ ਲਈ ਢੋਲ ਵਿੱਚ ਰੱਖੀਆਂ ਗਈਆਂ ਸਲਫਾਸ ਦੀਆਂ ਗੋਲੀਆਂ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਨੇ ਇੱਕ ਹੀ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਹਨ।

By  Aarti July 23rd 2026 01:18 PM

ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਦੇ ਪਿੰਡ ਖਨਿਆਣ ਤੋਂ ਇੱਕ ਬੇਹੱਦ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਭੇਦਭਰੇ ਹਾਲਾਤਾਂ ਵਿੱਚ ਦੋ ਛੋਟੇ ਬੱਚਿਆਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ  ਤਿੰਨ ਜੀਅ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ।

ਸਲਫਾਸ ਦੀਆਂ ਗੋਲੀਆਂ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ

ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਘਰ ਦੇ ਸਟੋਰ ਵਿੱਚ ਕਣਕ ਨੂੰ ਸੁਰੱਖਿਅਤ ਰੱਖਣ ਲਈ ਢੋਲ ਵਿੱਚ ਰੱਖੀਆਂ ਗਈਆਂ ਸਲਫਾਸ ਦੀਆਂ ਗੋਲੀਆਂ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਨੇ ਇੱਕ ਹੀ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਹਨ। ਇਸ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਜਦਕਿ ਦੋ ਬੱਚੀਆਂ ਅਤੇ ਇੱਕ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ।

ਇੱਕੋਂ ਘਰ ’ਚ ਪਰਿਵਾਰ ਨਾਲ ਰਹਿੰਦੇ ਸਨ ਦੋ ਭਰਾ 

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਨਿਆਣ ਵਿੱਚ ਦੋ ਸਕੇ ਭਰਾ ਆਪਣੇ-ਆਪਣੇ ਪਰਿਵਾਰਾਂ ਸਮੇਤ ਇੱਕ ਹੀ ਘਰ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਪਰਿਵਾਰ ਨੇ ਸਟੋਰ ਵਿੱਚ ਰੱਖੀ ਕਣਕ ਨੂੰ ਕੀੜਿਆਂ ਤੋਂ ਬਚਾਉਣ ਲਈ ਅਨਾਜ ਦੇ ਢੋਲ ਵਿੱਚ ਸਲਫਾਸ ਦੀਆਂ ਗੋਲੀਆਂ ਰੱਖੀਆਂ ਸਨ। ਜਿਸ ਸਟੋਰ ਵਿੱਚ ਕਣਕ ਰੱਖੀ ਹੋਈ ਸੀ, ਉਸ ਦਾ ਇੱਕ ਦਰਵਾਜ਼ਾ ਸਿੱਧਾ ਉਸ ਬੈੱਡਰੂਮ ਵਿੱਚ ਖੁੱਲਦਾ ਸੀ, ਜਿੱਥੇ ਦੋਵੇਂ ਪਰਿਵਾਰ ਆਪਣੇ ਬੱਚਿਆਂ ਸਮੇਤ ਸੌਂਦੇ ਸਨ।

ਪਹਿਲਾਂ ਦੋ ਬੱਚਿਆਂ ਦੀ ਵਿਗੜੀ ਸੀ ਸਿਹਤ 

ਦੱਸਿਆ ਜਾ ਰਿਹਾ ਹੈ ਕਿ 20 ਜੁਲਾਈ ਦੀ ਰਾਤ ਅਚਾਨਕ ਪਰਿਵਾਰ ਦੇ ਬੱਚਿਆਂ ਦੀ ਤਬੀਅਤ ਵਿਗੜਣ ਲੱਗੀ। ਸਭ ਤੋਂ ਪਹਿਲਾਂ ਸਿਰਫ਼ 13 ਦਿਨਾਂ ਦੀ ਮਾਸੂਮ ਬੱਚੀ ਹਰਸੀਰਤ ਕੌਰ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਇਸ ਸਦਮੇ ਤੋਂ ਸੰਭਲ ਵੀ ਨਹੀਂ ਸਕਿਆ ਸੀ ਕਿ ਕਰੀਬ ਚਾਰ ਸਾਲਾਂ ਮਨਰਾਜ ਸਿੰਘ ਦੀ ਤਬੀਅਤ ਵੀ ਵਿਗੜ ਗਈ। ਉਸ ਨੂੰ ਲਗਾਤਾਰ ਉਲਟੀਆਂ ਆਉਣ ਲੱਗੀਆਂ।

ਪਰਿਵਾਰ ’ਚ ਪਸਰਿਆ ਮਾਤਮ 

ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਅਤੇ ਦਵਾਈ ਦਿਵਾ ਕੇ ਵਾਪਸ ਘਰ ਲੈ ਆਏ, ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਆਇਆ। ਬੁੱਧਵਾਰ ਸਵੇਰੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮਨਰਾਜ ਸਿੰਘ ਨੇ ਵੀ ਦਮ ਤੋੜ ਦਿੱਤਾ।

ਇਸ ਹਾਦਸੇ ਵਿੱਚ ਪਰਿਵਾਰ ਦੀਆਂ 13 ਸਾਲਾ ਅਤੇ 8 ਸਾਲਾ ਦੋ ਬੱਚੀਆਂ ਅਤੇ ਇੱਕ ਮਹਿਲਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਬਿਹਤਰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਇਹ ਵੀ ਪੜ੍ਹੋ  : Punjab Fresh Debt : ਪੰਜਾਬ ਸਿਰ ਹੋਰ ਭਾਰੀ ਹੋਵੇਗੀ ਕਰਜ਼ੇ ਦੀ ਪੰਡ ! 13,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਦੀ ਤਿਆਰੀ ’ਚ ਸਰਕਾਰ

Related Post