ਐਡਵੋਕੇਟ ਧਾਮੀ ਨੇ ਨਿਊਯਾਰਕ ’ਚ ਸਿੱਖ ਨੌਜੁਆਨ ’ਤੇ ਹੋਏ ਹਮਲੇ ਦੀ ਕੀਤੀ ਨਿੰਦਾ

By  Shameela Khan October 19th 2023 08:29 AM -- Updated: October 19th 2023 08:53 AM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਯਾਰਕ (ਅਮਰੀਕਾ) ਵਿਚ ਇਕ ਸਿੱਖ ਨੌਜੁਆਨ ’ਤੇ ਹੋਏ ਨਸਲੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।


ਐਡਵੋਕੇਟ ਧਾਮੀ ਨੇ ਕਿਹਾ ਕਿ ਨਿਊਯਾਰਕ ਵਿਚ ਇਕ ਸਿੱਖ ਨੌਜੁਆਨ ’ਤੇ ਬੱਸ ਵਿਚ ਸਫ਼ਰ ਕਰਦਿਆਂ ਹਮਲਾ ਕਰਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਬੇਹੱਦ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਿੱਖ ਜਿਸ ਵੀ ਖਿੱਤੇ ਵਿਚ ਵੱਸੇ ਹਨ, ਉਨ੍ਹਾਂ ਨੇ ਉਥੋਂ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਅੱਜ ਵੱਖ-ਵੱਖ ਦੇਸ਼ਾਂ ਅੰਦਰ ਸਿੱਖ ਪਦਵੀਆਂ ’ਤੇ ਕਾਰਜ ਕਰ ਰਹੇ ਹਨ। ਪਰੰਤੂ ਜਦੋਂ ਸਿੱਖਾਂ ਵਿਰੁੱਧ ਅਜਿਹੀਆਂ ਨਫ਼ਰਤੀ ਘਟਨਾਵਾਂ ਵਾਪਰਦੀਆਂ ਹਨ, ਤਾਂ ਕੌਮ ਅੰਦਰ ਰੋਸ ਪੈਦਾ ਹੋਣਾ ਕੁਦਰਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਭਲਾ ਚਾਹੁਣ ਵਾਲੇ ਸਿੱਖਾਂ ’ਤੇ ਵਿਦੇਸ਼ਾਂ ‘ਚ ਨਸਲੀ ਹਮਲੇ ਹੋਣਾ ਬੇਹੱਦ ਮੰਦਭਾਗੇ ਹਨ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ।

Related Post