PTC News
Search

ਐਡਵੋਕੇਟ ਧਾਮੀ ਵਲੋਂ ਚਾਵਲਾ ਕੇਸ ਦੀ ਮੁੜ CBI ਜਾਂਚ ਦੀ ਮੰਗ

ਸਰਾਵਾਂ ਦੇ ਰਜਿਸਟਰਾਂ ਦੇ ਰਿਕਾਰਡ ਕੀਤੇ ਪੇਸ਼

By  Jaswinder Kaur October 6th 2026 12:27 PM

ਐਡਵੋਕੇਟ ਧਾਮੀ ਵਲੋਂ ਚਾਵਲਾ ਕੇਸ ਦੀ ਮੁੜ CBI ਜਾਂਚ ਦੀ ਮੰਗ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਚਰਚਾ 'ਚ ਆਏ ਚਾਵਲਾ ਕੇਸ ਨਾਲ ਜੁੜੇ ਮਾਮਲੇ ਵਿੱਚ ਕਈ ਤੱਥਾਂ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਵੱਖ-ਵੱਖ ਸਰਾਵਾਂ ਦੇ ਅਸਲ ਰਜਿਸਟਰਾਂ ਦੀਆਂ ਐਂਟਰੀਆਂ ਮੀਡੀਆ ਸਾਹਮਣੇ ਪੇਸ਼ ਕੀਤੀਆਂ ਅਤੇ ਵਿਰੋਧੀਆਂ ਵੱਲੋਂ ਲਗਾਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਕਿ ਵਿਰੋਧੀ ਧਿਰਾਂ ਦਾ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਹੈ ਕਿ ਬਹਿਰੀਨ ਵਾਲੀ ਮਹਿਲਾ ਲਗਾਤਾਰ 6 ਮਹੀਨੇ ਸ੍ਰੀ ਦਰਬਾਰ ਸਾਹਿਬ ਜਾਂ ਹੋਰ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਵਿੱਚ ਠਹਿਰੀ ਸੀ। 

ਐਡਵੋਕੇਟ ਧਾਮੀ ਨੇ ਰਜਿਸਟਰ ਦੇ ਤਾਰੀਖ਼ਵਾਰ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿਖੇ ਵੱਖ-ਵੱਖ ਸਮੇਂ 'ਤੇ ਕਮਰਾ ਨੰਬਰ 38, 36 ਤੇ 20 ਵਿੱਚ ਉਕਤ ਮਹਿਲਾ ਠਹਿਰੀ, ਜਿਸ ਵਿੱਚ 7 ਤੋਂ 9 ਦਸੰਬਰ, 9 ਤੋਂ 11 ਦਸੰਬਰ, 9 ਤੋਂ 21 ਦਸੰਬਰ, 28 ਤੋਂ 29 ਦਸੰਬਰ, 30 ਦਸੰਬਰ ਤੋਂ 1 ਜਨਵਰੀ, 22 ਤੋਂ 24 ਜਨਵਰੀ ਅਤੇ 1 ਤੋਂ 4 ਫਰਵਰੀ ਤੱਕ ਦੀਆਂ ਐਂਟਰੀਆਂ ਸ਼ਾਮਲ ਹਨ। ਇਸ ਦੌਰਾਨ ਉਕਤ ਮਹਿਲਾ ਨੇ 1,000 ਤੋਂ 1,500 ਰੁਪਏ ਤੱਕ ਦਾ ਬਕਾਇਦਾ ਕਿਰਾਇਆ ਜਮ੍ਹਾਂ ਕਰਵਾਇਆ ਅਤੇ ਰਜਿਸਟਰ ਵਿੱਚ 2 ਤੋਂ ਲੈ ਕੇ 7 ਵਿਅਕਤੀਆਂ ਦੀ ਮੌਜੂਦਗੀ ਦਾ ਰਿਕਾਰਡ ਦਰਜ ਹੈ। ਇਸ ਤੋਂ ਇਲਾਵਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਸਰਾਂ ਵਿੱਚ ਵੀ ਮਾਰਚ, ਅਪ੍ਰੈਲ, ਜੂਨ ਅਤੇ ਜੁਲਾਈ ਮਹੀਨਿਆਂ ਦੌਰਾਨ ਸਿਰਫ 1-2 ਦਿਨਾਂ ਦੀਆਂ ਹੀ ਵੱਖ-ਵੱਖ ਐਂਟਰੀਆਂ ਹਨ।  

ਐਡਵੋਕੇਟ ਧਾਮੀ ਨੇ ਕਿਹਾ ਕਿ ਸਾਰਾ ਵੇਰਵਾ ਨਿਯਮਾਂ ਅਨੁਸਾਰ ਤੈਅ ਕਿਰਾਇਆ ਅਦਾ ਕਰਕੇ ਰਹਿਣ ਦਾ ਹੈ ਅਤੇ ਕੋਈ ਵੀ ਸ਼ਰਧਾਲੂ ਨਿਯਮਾਂ ਅਨੁਸਾਰ ਉੱਥੇ ਰਹਿ ਸਕਦਾ ਹੈ। ਇਹ ਸਾਰੇ ਅਸਲ ਰਿਕਾਰਡ ਅਤੇ ਰਜਿਸਟਰਾਂ ਦੀਆਂ ਕਾਪੀਆਂ ਪੁਲਿਸ ਨੂੰ ਵੀ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਛੇ ਮਹੀਨੇ ਲਗਾਤਾਰ ਰਹਿਣ ਦੇ ਲਗਾਏ ਜਾ ਰਹੇ ਦੋਸ਼ ਪੜਤਾਲ ਤੋਂ ਬਾਅਦ ਪੂਰੀ ਤਰ੍ਹਾਂ ਖਾਰਜ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਲਿਆਉਣ ਲਈ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਸਾਰੇ ਤੱਥਾਂ ਨੂੰ ਸੰਗਤ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ।


Related Post