ਰਾਮ ਰਹੀਮ ਦੀ ਪੈਰੋਲ ਰੱਦ ਕਰਵਾਉਣ ਲਈ ਐਡਵੋਕੇਟ HC ਅਰੋੜਾ ਨੇ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ

By  Pardeep Singh October 31st 2022 01:06 PM -- Updated: October 31st 2022 01:33 PM

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਰੱਦ ਕਰਵਾਉਣ ਲਈ ਮਸ਼ਹੂਰ ਐਡਵੋਕੇਟ HC ਅਰੋੜਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ।ਦਰਅਸਲ ਬੀਤੇ ਦਿਨੀਂ ਐਚਸੀ ਅਰੋੜਾ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਇਕ ਨੋਟਿਸ ਭੇਜ ਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਵਾਸਤੇ ਕਿਹਾ ਸੀ। ਨੋਟਿਸ 'ਚ ਐਚਸੀ ਅਰੋੜਾ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਜਬਰ ਜਨਾਹ ਤੇ ਕਤਲ ਦੇ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਹਰਿਆਣਾ ਸਰਕਾਰ ਨੇ ਉਸਨੂੰ 40 ਦਿਨਾਂ ਦੀ ਪੈਰੋਲ ਦੇ ਦਿੱਤੀ ਤੇ ਇਸ ਦੌਰਾਨ ਉਹ ਯੂਪੀ ਠਹਿਰਿਆ ਹੋਇਆ ਹੈ ਤੇ ਸਤਿਸੰਗ ਕਰ ਰਿਹਾ ਹੈ।

ਐਡਵੋਕੇਟ ਐਚਸੀ ਅਰੋੜਾ ਨੇ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਪ੍ਰਕਿਰਿਆ 'ਚ ਕਈ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ, ਇਸ ਪ੍ਰਕਿਰਿਆ ਨੂੰ ਚੁਣੌਤੀ ਦਿੱਤੀ ਗਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਦੀ ਪੈਰੋਲ ਨਾਲ ਪੰਜਾਬ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਪੈਰੋਲ ਦੇਣ ਤੋਂ ਪਹਿਲਾਂ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਸੁਰੱਖਿਆ ਬਾਰੇ ਮੁਲਾਂਕਣ ਕੀਤਾ ਜਾਂਦਾ ਹੈ, ਜੇਕਰ ਕਿਸੇ ਕੈਦੀ ਨੂੰ ਪੈਰੋਲ ਦਿੱਤੀ ਜਾਂਦੀ ਹੈ ਤਾਂ ਸ਼ਾਂਤੀ ਵਿਵਸਥਾ ਨੂੰ ਭੰਗ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਕੱਲ੍ਹ ਵੀ ਕੁਝ ਜਥੇਬੰਦੀਆਂ ਨੇ ਬਠਿੰਡਾ ਦੇ ਸਲਾਬਤਪੁਰਾ ਵਿੱਚ ਰਾਮ ਰਹੀਮ ਦੇ ਡੇਰੇ ਨੇੜੇ ਰੋਸ ਪ੍ਰਦਰਸ਼ਨ ਕੀਤਾ ਹੈ, ਇਸ ਲਈ ਸੁਰੱਖਿਆ ਦਾ ਮੁਲਾਂਕਣ ਪੰਜਾਬ ਤੋਂ ਹੀ ਹੋਣਾ ਚਾਹੀਦਾ ਸੀ। ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਆਨਲਾਈਨ ਸਤਿਸੰਗ ਕੀਤਾ ਜਾ ਰਿਹਾ ਹੈ, ਉਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਇਹ ਵੀ ਪੜ੍ਹੋ: MHA ਵੱਲੋਂ DIG ਗੁਰਪ੍ਰੀਤ ਸਿੰਘ ਭੁੱਲਰ ਸਮੇਤ ਪੰਜਾਬ ਦੇ 16 ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

Related Post