ਪਟਿਆਲਾ: 3 ਦਿਨ੍ਹਾਂ ਦੇ ਧਰਨੇ ਤੋਂ ਬਾਅਦ ਕਿਸਾਨਾਂ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ, ਢੁੱਕਵਾਂ ਮੁਆਵਜ਼ਾ ਨਾ ਦੇਣ ਦੇ ਲਗਾਏ ਇਲਜ਼ਾਮ

ਪਟਿਆਲਾ : ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ MP ਪ੍ਰਨੀਤ ਕੋਰ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਵਿੱਖੇ ਧਰਨਾ ਲਗਾਇਆ ਜਾ ਰਿਹਾ ਹੈ। ਪਿਛਲੇ 3 ਦਿਨ੍ਹਾਂ ਤੋਂ ਚਲਦੇ ਆ ਰਹੇ ਇਸ ਧਰਨੇ ਤੋਂ ਬਾਅਦ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ।
ਦਰਅਸਲ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਅਨੇਕਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਲਈ ਉਹ ਸਰਕਾਰ ਅੱਗੇ ਲਗਾਤਾਰ ਮੁਆਵਜ਼ੇ ਦੇ ਲਈ ਗੁਹਾਰ ਲਗਾ ਰਹੇ ਹਨ। ਪਰੰਤੂ ਪੰਜਾਬ ਸਰਕਾਰ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਬਜਾਏ ਮਹਿਜ਼ 6-7 ਹਜ਼ਾਰ ਦਾ ਮਾਮੂਲੀ ਮੁਆਵਜ਼ਾ ਹੀ ਦੇ ਰਹੀ ਹੈ। ਜਿਸ ਦੇ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਕੋਈ ਭਰਪਾਈ ਨਹੀਂ ਹੋ ਰਹੀ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਾਂਝੇ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਆਗੂਆਂ ਦੇ ਘਰਾਂ ਅੱਗੇ ਤਿੰਨ ਰੋਜ਼ਾ ਧਰਨੇ ਸ਼ੁਰੂ ਕੀਤੇ ਗਏ ਹਨ। ਜਿਸ ਤਹਿਤ ਅੱਜ ਕਿਸਾਨ ਜਥੇਬੰਦੀਆਂ ਨੇ ਪਟਿਆਲਾ ਵਿੱਖੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ MP ਪ੍ਰਨੀਤ ਕੋਰ ਦੇ ਘਰ ਅੱਗੇ ਲਗਾਏ ਧਰਨੇ ਦਾ ਅੱਜ ਤੀਜਾ ਦਿਨ ਰਿਹਾ।
SKM ਦੇ ਆਗੂ ਨੇ ਕਿਹਾ, "ਪੰਜਾਬ ਵਿੱਚ ਹੜ੍ਹ ਪੀੜਤਾਂ ਨੂੰ ਢੁੱਕਵਾਂ ਮੁਆਵਜ਼ਾ ਦਿਵਾਉਣ ਲਈ ਇਹ ਧਰਨਾ ਲਾਇਆ ਗਿਆ ਹੈ। ਪੰਜਾਬ ਸਰਕਾਰ ਪੀੜਿਤ ਕਿਸਾਨਾਂ ਨੂੰ 6-7 ਹਜ਼ਾਰ ਰੁਪਏ ਦਾ ਮਾਮੂਲੀ ਮੁਆਵਜ਼ਾ ਦੇ ਰਹੀ ਹੈ। ਸਰਕਾਰ ਕਿਸਾਨਾਂ ਨੂੰ ਨੁਕਸਾਨੀਆਂ ਫਸਲਾਂ ਦਾ 50 ਹਜ਼ਾਰ ਤੋਂ ਵੱਧ ਮੁਆਵਜ਼ਾ ਦੇਵੇ। ਉਨ੍ਹਾਂ ਅੱਗੇ ਕਿਹਾ, " ਹੜ੍ਹਾਂ ਦੌਰਾਨ ਫ਼ਸਲਾਂ ਦੇ ਨਾਲ-ਨਾਲ ਕਿਸਾਨਾਂ ਦੇ ਪਸ਼ੁ ਵੀ ਵੱਡੀ ਗਿਣਤੀ ਵਿੱਚ ਮਰ ਗਏ। ਸਰਕਾਰ ਵੱਲੋਂ ਸਿਰਫ਼ 6800 ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਪਰ ਇਸ ਰਕਮ ਨਾਲ ਇੱਕ ਬੱਕਰੀ ਵੀ ਨਹੀਂ ਖਰੀਦੀ ਜਾ ਸਕਦੀ।"
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 200 ਕਰੋੜ ਰੁਪਏ ਦਾ ਮੁਆਵਜ਼ਾ ਆਇਆ, ਪਰ ਪੰਜਾਬ ਸਰਕਾਰ ਸਿਰਫ਼ 168 ਕਰੋੜ ਰੁਪਏ ਹੀ ਜਾਰੀ ਕਰ ਰਹੀ ਹੈ। 13 ਸਤੰਬਰ ਨੂੰ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ ਅਤੇ ਅਗਲੀ ਰਣਨਿਤੀ ਤਿਆਰ ਕਿਤੀ ਜਾਵੇਗੀ।