PTC News
Search

ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਸਤੀਫੇ ਦਾ ਐਲਾਨ, ਸੋਸ਼ਲ ਮੀਡੀਆ ਕੀਤਾ ਅੱਪਡੇਟ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਸਤੀਫ਼ਾ ਦੇਣ ਦੀਆਂ ਅਟਕਲਾਂ ਅਤੇ ਚਰਚਾਵਾਂ ਵਿਚਾਲੇ ਉਨ੍ਹਾਂ ਵਲੋਂ ਖੁਦ ਹੀ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਰਾ ਕੁਝ ਸਪੱਸ਼ਟ ਕਰ ਦਿੱਤਾ ਗਿਆ ਹੈ l

By  Amritpal Singh October 1st 2026 03:42 PM -- Updated: October 1st 2026 03:52 PM

Raja warring resign: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਸਤੀਫ਼ਾ ਦੇਣ ਦੀਆਂ ਅਟਕਲਾਂ ਅਤੇ ਚਰਚਾਵਾਂ ਵਿਚਾਲੇ ਉਨ੍ਹਾਂ ਵਲੋਂ ਖੁਦ ਹੀ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਰਾ ਕੁਝ ਸਪੱਸ਼ਟ ਕਰ ਦਿੱਤਾ ਗਿਆ ਹੈ l ਉਨ੍ਹਾਂ ਵਲੋਂ ਪਹਿਲਾਂ ਸਵੇਰੇ ਪੱਤਰਕਾਰਾਂ ਦੇ ਸਵਾਲਾਂ ਤੋਂ ਟਾਲਾ ਵੱਟਦੇ ਹੋਏ ਸਿਰਫ਼ ਇੰਨਾ ਕਿਹਾ ਸੀ ਕਿ ਮੈਂ ਅਜੇ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ, ਸਮਾਂ ਆਉਣ ’ਤੇ ਤੁਹਾਨੂੰ ਦੱਸ ਦਵਾਂਗਾ, ਇਸ ਮਗਰੋਂ ਉਨ੍ਹਾਂ ਹੁਣ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਪਹਿਲਾ ਆਪਣੇ ਨਾਮ ਨਾਲ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਲਿਖਿਆ ਅਤੇ ਜਦੋਂ ਉਹ ਵਾਇਰਲ ਹੋਣ ਲੱਗਿਆ ਤਾਂ ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਨਾਲ ਜੋ ਸਾਬਕਾ ਸ਼ਬਦ ਲਿਖਿਆ ਸੀ, ਉਹ ਵੀ ਹਟਾ ਦਿੱਤਾ ਅਤੇ ਉਹ ਪ੍ਰਧਾਨ ਨੇ ਉਹ ਵੀ ਹਟਾ ਦਿੱਤਾ l ਹੁਣ ਰਾਜਾ ਵੜਿੰਗ ਵਲੋਂ ਅਜਿਹਾ ਕਰਨ ਨੂੰ ਅਸਤੀਫੇ ਦੀ ਸੂਚਨਾ ’ਤੇ ਮੋਹਰ ਲਗਾਉਣ ਵਾਲੀ ਹੀ ਮੰਨਿਆ ਜਾ ਰਿਹਾ ਹੈ l



ਪਾਰਟੀ ਹਾਈਕਮਾਂਡ ਵੱਲੋਂ ਅਗਲੇ 24 ਤੋਂ 48 ਘੰਟਿਆਂ ਦੇ ਅੰਦਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਚੋਣਾਂ ਤੋਂ ਐਨ ਪਹਿਲਾਂ ਹੋ ਰਹੀ ਲੀਡਰਸ਼ਿਪ ਵਿੱਚ ਇਸ ਤਬਦੀਲੀ ਨੂੰ ਕਾਂਗਰਸ ਅੰਦਰਲੀ ਧੜੇਬੰਦੀ ਨਾਲ ਨਜਿੱਠਣ ਲਈ ਇੱਕ ਸੋਚੀ-ਸਮਝੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਹਾਈਕਮਾਂਡ ਹੁਣ ਅਜਿਹੇ ਆਗੂ ਦੀ ਭਾਲ ਕਰ ਰਹੀ ਹੈ ਜੋ ਵੱਖ-ਵੱਖ ਧੜਿਆਂ ਵਿਚਕਾਰ ਚੱਲ ਰਹੀ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਅਤੇ ਪਾਰਟੀ ਵਰਕਰਾਂ ਨੂੰ ਇੱਕਜੁੱਟ ਰੱਖਣ ਦੇ ਸਮਰੱਥ ਹੋਵੇ।


ਰਾਜਾ ਵੜਿੰਗ ਨੇ ਅਸਤੀਫ਼ਾ ਕਿਉਂ ਦਿੱਤਾ?

ਇਹ ਅਸਤੀਫ਼ਾ ਪੰਜਾਬ ਕਾਂਗਰਸ ਦੇ ਅੰਦਰ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਤੋਂ ਬਾਅਦ ਆਇਆ ਹੈ, ਖਾਸ ਕਰਕੇ ਰਾਜਾ ਵੜਿੰਗ ਦਾ ਸਮਰਥਨ ਕਰਨ ਵਾਲੇ ਧੜੇ ਅਤੇ ਚੰਨੀ ਨਾਲ ਜੁੜੇ ਲੋਕਾਂ ਵਿਚਕਾਰ। ਇਸ ਸਾਲ ਦੇ ਸ਼ੁਰੂ ਵਿੱਚ ਕਾਂਗਰਸ ਨੇ ਵੱਖ-ਵੱਖ ਧੜਿਆਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ, ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਿਆ ਅਤੇ ਚੰਨੀ ਨੂੰ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ। ਹਾਲਾਂਕਿ, ਇਹ ਪ੍ਰਬੰਧ ਸੂਬਾ ਇਕਾਈ ਦੇ ਅੰਦਰ ਮਤਭੇਦਾਂ ਨੂੰ ਹੱਲ ਕਰਨ ਵਿੱਚ ਅਸਫਲ ਰਿਹਾ।


ਪੰਜਾਬ ਕਾਂਗਰਸ ਦੇ ਆਗੂਆਂ ਦਾ ਇੱਕ ਧੜਾ ਰਾਜਾ ਵੜਿੰਗ ਨੂੰ ਹਟਾਉਣ ਦੀ ਮੰਗ ਕਰ ਰਿਹਾ ਸੀ, ਅਤੇ ਇਹ ਅੰਦਰੂਨੀ ਕਲੇਸ਼ ਪਾਰਟੀ ਸਮਾਗਮਾਂ ਅਤੇ ਸੰਗਠਨਾਤਮਕ ਮੀਟਿੰਗਾਂ ਵਿੱਚ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਸੂਬਾ ਇਕਾਈ ਦੇ ਕੰਮਕਾਜ ਅਤੇ ਇਸ ਦੇ ਅੰਦਰ ਧੜੇਬੰਦੀ ਬਾਰੇ ਪਾਰਟੀ ਹਾਈ ਕਮਾਂਡ ਨੂੰ ਇੱਕ ਰਿਪੋਰਟ ਸੌਂਪੀ। ਰਾਹੁਲ ਗਾਂਧੀ, ਮਲਿਕਾਰੁਜਨ ਖੜਗੇ, ਕੇ.ਸੀ. ਵੇਣੂਗੋਪਾਲ ਅਤੇ ਪਾਇਲਟ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਵੀ ਪੰਜਾਬ ਦੀ ਸਥਿਤੀ 'ਤੇ ਚਰਚਾ ਕੀਤੀ।


Related Post