ਸ੍ਰੀ ਦਰਬਾਰ ਸਾਹਿਬ ਬੰਬ ਧਮਾਕਿਆਂ ਨਾਲ ਜੁੜੇ ਇੱਕ ਸਬੂਤ 'ਚ ਮਿਲਿਆ ਅੰਮ੍ਰਿਤਪਾਲ ਸਿੰਘ ਦਾ ਨਾਂਅ, ਪੂਰਾ ਪੜ੍ਹੋ

ਅਜ਼ਾਦਬੀਰ ਵੱਲੋਂ ਪਾੜੇ ਅਤੇ ਸੁੱਟੇ ਗਏ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਦਾ ਵੀ ਜ਼ਿਕਰ ਹੈ। ਇਨ੍ਹਾਂ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੇ ਸੰਦੇਸ਼ ਵੀ ਦਿੱਤੇ ਗਏ ਹਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਸਮਾਜਿਕ ਮਾਹੌਲ ਵਿਗਾੜਨ ਦੇ ਇਰਾਦਿਆਂ ਨਾਲ ਮੁਲਜ਼ਮ ਵਲੋਂ ਇਹ ਕਾਰਾ ਕੀਤਾ ਗਿਆ ਹੋ ਸਕਦਾ।

By  Jasmeet Singh May 12th 2023 08:03 PM -- Updated: May 12th 2023 08:23 PM

Amritsar Bomb Blast: ਪੰਜਾਬ ਦੇ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਏ ਬੰਬ ਧਮਾਕਿਆਂ 'ਚ ਪੁਲਿਸ ਨੇ ਇਕ ਹੋਰ ਮਾਮਲਾ ਦਰਜ ਕੀਤਾ ਹੈ। ਇਸ ਐਫ.ਆਈ.ਆਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਆਜ਼ਾਦਬੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਅਤੇ ਧਰਮਿੰਦਰ ਦੇ ਨਾਂ ਦਰਜ ਕੀਤੇ ਗਏ ਹਨ। ਐਫ.ਆਈ.ਆਰ ਮੁਤਾਬਕ ਆਜ਼ਾਦਬੀਰ ਸਿੰਘ ਇਨ੍ਹਾਂ ਧਮਾਕਿਆਂ ਦਾ ਮਾਸਟਰਮਾਈਂਡ ਸੀ ਅਤੇ ਉਹ ਵਿਦੇਸ਼ ਵਿੱਚ ਬੈਠੇ ਆਪਣੇ ਆਕਾਵਾਂ ਤੋਂ ਆਰਡਰ ਲੈ ਰਿਹਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਅੰਮ੍ਰਿਤਪਾਲ ਨਾਲ ਵੀ ਜੋੜਿਆ ਜਾ ਰਿਹਾ ਹੈ।

ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ

ਪੁਲਿਸ ਅਜ਼ਾਦਬੀਰ ਅਤੇ ਉਸ ਦੇ ਸਾਥੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ। ਸਾਰੇ ਪੰਜ ਮੁਲਜ਼ਮ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਹਨ। ਵਿਗਿਆਨਕ ਜਾਂਚ ਤੋਂ ਇਲਾਵਾ ਪੁਲਿਸ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਵੀ ਕਰ ਰਹੀ ਹੈ। ਸ਼ੁੱਕਰਵਾਰ ਦੁਪਹਿਰ ਨੂੰ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸੈਂਪਲਿੰਗ ਕੀਤੀ।


ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ

ਅਜ਼ਾਦਬੀਰ ਵੱਲੋਂ ਪਾੜੇ ਅਤੇ ਸੁੱਟੇ ਗਏ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਦਾ ਵੀ ਜ਼ਿਕਰ ਹੈ। ਇਨ੍ਹਾਂ ਪੱਤਰਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੇ ਸੰਦੇਸ਼ ਵੀ ਦਿੱਤੇ ਗਏ ਹਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਸਮਾਜਿਕ ਮਾਹੌਲ ਵਿਗਾੜਨ ਦੇ ਇਰਾਦਿਆਂ ਨਾਲ ਮੁਲਜ਼ਮ ਵਲੋਂ ਇਹ ਕਾਰਾ ਕੀਤਾ ਗਿਆ ਹੋ ਸਕਦਾ।

ਉਨ੍ਹਾਂ ਪੱਤਰ ਚ ਲਿਖਿਆ, "ਅਸੀਂ ਭਾਰਤ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਤਿਰੰਗੇ ਨੂੰ ਮੂੰਹ 'ਤੇ ਚੁੱਕ ਕੇ ਸ਼ਰੀਕ (ਦੁਸ਼ਮਣ) ਵਜੋਂ ਨਹੀਂ ਸਗੋਂ ਸੰਗਤ ਵਜੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਾਜ਼ਰੀ ਭਰਨ ਕਿਉਂਕਿ 4 ਜੂਨ 1984 ਨੂੰ ਭਾਰਤ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਸੀ। ਸਿੱਖਾਂ ਦੀ ਗੁਲਾਮੀ ਦਾ ਅਹਿਸਾਸ ਕਰਵਾਇਆ ਕਿ ਸਿੱਖ ਭਾਰਤ ਦੇ ਗੁਲਾਮ ਹਨ, ਸਿੱਖਾਂ ਦਾ ਭਾਰਤ ਨਾਲ ਕੋਈ ਸਬੰਧ ਨਹੀਂ।ਸਿਗਰਟ ਪੀਂਦੀਆਂ ਫੜੀਆਂ ਜਾਂ ਸਰੀਰ ਨਾ ਢੱਕਣ ਵਾਲੀਆਂ ਔਰਤਾਂ ਦਾ ਸੁਧਾਰ ਕੀਤਾ ਜਾਵੇਗਾ। ਸਿੱਖ ਮਰਿਆਦਾ ਦੀ ਪਾਲਣਾ ਕੀਤੀ ਜਾਵੇ। ਖਾਲਿਸਤਾਨ ਜ਼ਿੰਦਾਬਾਦ। ਭਾਈ ਅੰਮ੍ਰਿਤਪਾਲ ਨੂੰ ਰਿਹਾ ਕੀਤਾ ਜਾਵੇ। ਮਹਾਰਾਜਾ ਰਣਜੀਤ ਸਿੰਘ ਚੋੰਕ ਵਾਲੇ (ਹੈਰੀਟੇਜ ਸਟਰੀਟ) 'ਤੇ ਦੋਵੇਂ ਧਮਾਕੇ ਸਾਡੇ ਗਰੁੱਪ ਨੇ ਕੀਤੇ ਸਨ, ਇਹ ਸਿਰਫ ਚੇਤਾਵਨੀ ਹੈ, ਹੋਰ ਨੁਕਸਾਨ ਹੋ ਸਕਦਾ ਹੈ।"

ਜਾਣੋ FIR 'ਚ ਕੀ ਲਿਖਿਆ?

ਥਾਣਾ ਈ-ਡਵੀਜ਼ਨ ਅੰਮ੍ਰਿਤਸਰ ਵਿੱਚ ਦਰਜ ਐਫਆਈਆਰ ਨੰਬਰ 49/2023 - 6 ਅਤੇ 8 ਮਈ ਨੂੰ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ 'ਚ ਸਾਰਾਗੜ੍ਹੀ ਪਾਰਕਿੰਗ ਨੇੜੇ ਦੋ ਧਮਾਕੇ ਹੋਏ ਸਨ। 10 ਮਈ ਦੀ ਰਾਤ ਨੂੰ ਰਾਮਦਾਸ ਸਰਾਂ ਨੇੜੇ ਧਮਾਕਾ ਹੋਇਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਜ਼ਾਦਬੀਰ ਸਿੰਘ ਉਰਫ਼ ਆਜ਼ਾਦ ਅਤੇ ਅਮਰੀਕ ਸਿੰਘ ਉਰਫ਼ ਮਿੱਕਾ ਪਿਛਲੇ ਕਾਫ਼ੀ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਗੁਰੂ ਰਾਮਦਾਸ ਸਰਾਂ ਦੇ ਆਸ-ਪਾਸ ਸ਼ੱਕੀ ਹਾਲਤ ਵਿੱਚ ਘੁੰਮਦੇ ਦੇਖੇ ਗਏ ਸਨ। ਅਜ਼ਾਦਬੀਰ ਖ਼ਿਲਾਫ਼ ਪਹਿਲਾਂ ਵੀ ਅੰਮ੍ਰਿਤਸਰ ਦੇ ਛੇਹਰਟਾ ਥਾਣੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਹੈ।

ਪੁਲਿਸ ਐਫ.ਆਈ.ਆਰ ਅਨੁਸਾਰ ਅਜ਼ਾਦਬੀਰ ਅਤੇ ਉਸਦਾ ਕਰੀਬੀ ਅਮਰੀਕ ਸਿੰਘ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਇਹ ਦੋਵੇਂ ਲੰਬੇ ਸਮੇਂ ਤੋਂ ਦੇਸ਼-ਵਿਦੇਸ਼ ਵਿਚ ਬੈਠੇ ਆਪਣੇ ਮਾਲਕਾਂ ਦੇ ਕਹਿਣ 'ਤੇ ਕੰਮ ਕਰ ਰਹੇ ਹਨ। ਇਸ ਦੇ ਲਈ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਵੀ ਮਿਲ ਰਹੀ ਹੈ। ਦੇਸ਼ ਦੀ ਸੁਰੱਖਿਆ ਅਤੇ ਸਮਾਜਿਕ ਮਾਹੌਲ ਨੂੰ ਵਿਗਾੜਨ ਦੇ ਮਕਸਦ ਨਾਲ ਇਨ੍ਹਾਂ ਦੋਵਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਹੀ ਅਣਗੜ੍ਹ ਅਤੇ ਹੋਰ ਇਲਾਕਿਆਂ ਤੋਂ ਵਿਸਫੋਟਕ ਸਮੱਗਰੀ ਖਰੀਦੀ ਸੀ। 

ਉਸ ਨੇ ਇਹ ਵਿਸਫੋਟਕ ਸਮੱਗਰੀ ਬਦਨਾਮ ਸਾਹਿਬ ਸਿੰਘ ਤੋਂ ਲਈ ਸੀ। ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਇਸ ਗਰੁੱਪ ਨੇ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਲੜੀਵਾਰ ਬੰਬ ਧਮਾਕਿਆਂ ਨੂੰ ਅੰਜਾਮ ਦਿੱਤਾ ਹੈ। ਇਸ ਪਲਾਟ ਵਿੱਚ ਉਨ੍ਹਾਂ ਦੇ ਨਾਲ ਧਰਮਿੰਦਰ ਸਿੰਘ ਉਰਫ ਮੀਠਾ, ਹਰਜੀਤ ਸਿੰਘ ਵੀ ਹਨ। ਤਿੰਨਾਂ ਨੇ ਸਾਹਿਬ ਸਿੰਘ ਤੋਂ ਵਿਸਫੋਟਕ ਸਮੱਗਰੀ ਲੈ ਕੇ ਅਜ਼ਾਦਬੀਰ ਨੂੰ ਉਪਲਬਧ ਕਰਵਾਈ ਸੀ।

- ਹਾਈਕੋਰਟ ਨੇ ਪੰਜਾਬ ਸਰਕਾਰ ਵੱਲੋਂ ਬਦਲੇ ਗਏ 5 ਵਿੱਚੋਂ 3 ਆਈਜੀ ਵਾਪਸ ਭੇਜਣ ਦੇ ਹੁਕਮਾਂ 'ਤੇ ਲਾਈ ਰੋਕ

Related Post