Amritsar Airport ਨੇ 12 ਸਾਲਾਂ ਵਿੱਚ ਰਚਿਆ ਵਿਕਾਸ ਦਾ ਨਵਾਂ ਇਤਿਹਾਸ, ਯਾਤਰੀਆਂ ਦੀ ਗਿਣਤੀ 35 ਲੱਖ ਤੋਂ ਪਾਰ

ਭਾਰਤੀ ਹਵਾਈ ਅੱਡਾ ਅਥਾਰਟੀ (AAI) ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਸਾਲ 2013-14 ਵਿੱਚ ਜਿੱਥੇ ਹਵਾਈ ਅੱਡੇ ਰਾਹੀਂ 10.34 ਲੱਖ ਯਾਤਰੀਆਂ ਨੇ ਸਫ਼ਰ ਕੀਤਾ ਸੀ, ਉੱਥੇ 2024-25 ਵਿੱਚ ਇਹ ਗਿਣਤੀ ਵੱਧ ਕੇ 35.25 ਲੱਖ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਜਹਾਜ਼ਾਂ ਦੀ ਆਵਾਜਾਈ ਵੀ 10,487 ਤੋਂ ਵਧ ਕੇ 23,261 ਹੋ ਗਈ ਹੈ।

By  Aarti June 13th 2026 05:06 PM

Amritsar Airport News : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਪਿਛਲੇ 12 ਸਾਲਾਂ ਦੌਰਾਨ ਵਿਕਾਸ ਅਤੇ ਆਧੁਨਿਕੀਕਰਨ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹਦਾ ਹੋਇਆ ਉੱਤਰੀ ਭਾਰਤ ਦੇ ਇੱਕ ਅਹਿਮ ਏਵੀਏਸ਼ਨ ਹੱਬ ਵਜੋਂ ਉਭਰਿਆ ਹੈ। ਭਾਰਤੀ ਹਵਾਈ ਅੱਡਾ ਅਥਾਰਟੀ (AAI) ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਸਾਲ 2013-14 ਵਿੱਚ ਜਿੱਥੇ ਹਵਾਈ ਅੱਡੇ ਰਾਹੀਂ 10.34 ਲੱਖ ਯਾਤਰੀਆਂ ਨੇ ਸਫ਼ਰ ਕੀਤਾ ਸੀ, ਉੱਥੇ 2024-25 ਵਿੱਚ ਇਹ ਗਿਣਤੀ ਵੱਧ ਕੇ 35.25 ਲੱਖ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਜਹਾਜ਼ਾਂ ਦੀ ਆਵਾਜਾਈ ਵੀ 10,487 ਤੋਂ ਵਧ ਕੇ 23,261 ਹੋ ਗਈ ਹੈ।

ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਵਿੱਚ ਵੱਡੇ ਪੱਧਰ 'ਤੇ ਸੁਧਾਰ ਕੀਤੇ ਗਏ ਹਨ। ਸਾਲ 2017 ਵਿੱਚ ਰਨਵੇ ਨੂੰ CAT-III ਤਕਨੀਕ ਨਾਲ ਅਪਗ੍ਰੇਡ ਕੀਤਾ ਗਿਆ, ਜਿਸ ਨਾਲ ਘੱਟ ਦਿੱਖ ਵਾਲੇ ਮੌਸਮ ਵਿੱਚ ਵੀ ਜਹਾਜ਼ਾਂ ਦੀ ਆਵਾਜਾਈ ਸੰਭਵ ਹੋ ਸਕੀ।

ਇਸ ਤੋਂ ਇਲਾਵਾ 2022 ਵਿੱਚ ਏਪਰਨ ਦਾ ਵਿਸਥਾਰ ਕਰਕੇ ਪਾਰਕਿੰਗ ਬੇਅਜ਼ ਦੀ ਗਿਣਤੀ 15 ਤੋਂ ਵਧਾ ਕੇ 25 ਕਰ ਦਿੱਤੀ ਗਈ। ਕਾਰ ਪਾਰਕਿੰਗ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾਇਰੈਕਟਰ ਨੇ ਕਿਹਾ ਕਿ ਟਰਮੀਨਲ ਦੇ ਸਾਹਮਣੇ ਵਾਲਾ ਖੇਤਰ ਪਾਰਕਿੰਗ ਨਹੀਂ ਸਗੋਂ ਸਿਰਫ਼ ਪਿਕ ਐਂਡ ਡਰਾਪ ਲੇਨ ਹੈ। ਉਨ੍ਹਾਂ ਦੱਸਿਆ ਕਿ ਉੱਥੇ 8 ਮਿੰਟ ਤੋਂ ਵੱਧ ਸਮਾਂ ਵਾਹਨ ਖੜ੍ਹਾ ਕਰਨ ਦੀ ਆਗਿਆ ਨਹੀਂ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਨਵਾਂ ਲੇਨਿੰਗ ਸਿਸਟਮ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਟਰੈਫਿਕ ਹੋਰ ਸੁਚਾਰੂ ਹੋਵੇਗੀ। ਏਅਰਪੋਰਟ ਡਾਇਰੈਕਟਰ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡਾ ਇਸ ਵੇਲੇ 9 ਘਰੇਲੂ ਅਤੇ 8 ਅੰਤਰਰਾਸ਼ਟਰੀ ਉਡਾਣਾਂ ਰਾਹੀਂ ਦੇਸ਼ ਅਤੇ ਵਿਦੇਸ਼ ਨਾਲ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਕੋਲ 3658 ਮੀਟਰ ਲੰਬਾ ਰਨਵੇ, 25 ਪਾਰਕਿੰਗ ਬੇਅਜ਼ ਅਤੇ ਪ੍ਰਤੀ ਘੰਟਾ 14 ਜਹਾਜ਼ਾਂ ਦੀ ਆਵਾਜਾਈ ਸੰਭਾਲਣ ਦੀ ਸਮਰੱਥਾ ਮੌਜੂਦ ਹੈ। ਉਨ੍ਹਾਂ ਦੇ ਅਨੁਸਾਰ ਇਨਫਰਾਸਟਰੱਕਚਰ ਪੱਖੋਂ ਕੋਈ ਕਮੀ ਨਹੀਂ ਹੈ, ਪਰ ਇਸ ਸਮੇਂ ਏਅਰਲਾਈਨ ਕੰਪਨੀਆਂ ਕੋਲ ਜਹਾਜ਼ਾਂ ਦੀ ਘਾਟ ਕਾਰਨ ਨਵੀਆਂ ਉਡਾਣਾਂ ਸ਼ੁਰੂ ਕਰਨ ਵਿੱਚ ਰੁਕਾਵਟ ਆ ਰਹੀ ਹੈ। ਨਾਂਦੇੜ ਸਾਹਿਬ ਅਤੇ ਪਟਨਾ ਸਾਹਿਬ ਲਈ ਸਿੱਧੀਆਂ ਉਡਾਣਾਂ ਸਬੰਧੀ ਪੁੱਛੇ ਗਏ ਸਵਾਲ 'ਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਅਕਾਸਾ ਏਅਰ ਨਾਲ ਅੰਮ੍ਰਿਤਸਰ ਤੋਂ ਜੇਵਰ ਏਅਰਪੋਰਟ (ਨੋਇਡਾ) ਲਈ ਕਨੈਕਟੀਵਿਟੀ ਸਬੰਧੀ ਗੱਲਬਾਤ ਚੱਲ ਰਹੀ ਹੈ। ਇਮੀਗ੍ਰੇਸ਼ਨ ਕਾਊਂਟਰਾਂ 'ਤੇ ਭੀੜ ਅਤੇ ਉਡੀਕ ਦੇ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਹਵਾਈ ਅੱਡੇ 'ਤੇ 10 ਇਮੀਗ੍ਰੇਸ਼ਨ ਕਾਊਂਟਰ ਅਤੇ ਈ-ਵੀਜ਼ਾ ਲਈ ਵੱਖਰੇ ਕਾਊਂਟਰ ਮੌਜੂਦ ਹਨ, ਜੋ ਯਾਤਰੀਆਂ ਦੀ ਆਵਾਜਾਈ ਲਈ ਕਾਫ਼ੀ ਹਨ।

ਉਨ੍ਹਾਂ ਕਿਹਾ ਕਿ ਕਿਸੇ ਵੀ ਯਾਤਰੀ ਨੂੰ ਘੰਟਿਆਂ ਤੱਕ ਉਡੀਕ ਨਹੀਂ ਕਰਨੀ ਪੈਂਦੀ ਅਤੇ ਜੇਕਰ ਕਦੇ ਤਕਨੀਕੀ ਖਰਾਬੀ ਆ ਜਾਂਦੀ ਹੈ ਤਾਂ ਯਾਤਰੀਆਂ ਲਈ ਪਾਣੀ, ਬੈਠਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ 'ਤੇ ਡਿਜੀ ਯਾਤਰਾ, ਫਲਾਈਬ੍ਰੇਰੀ, ਕਿਡਜ਼ ਪਲੇ ਜ਼ੋਨ ਅਤੇ ਉਡਾਨ ਯਾਤਰੀ ਕੈਫੇ ਵਰਗੀਆਂ ਆਧੁਨਿਕ ਸਹੂਲਤਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ।

ਇਸ ਦੇ ਨਾਲ ਹੀ 483 ਕਿਲੋਵਾਟ ਸਮਰੱਥਾ ਵਾਲਾ ਸੋਲਰ ਪਾਵਰ ਪਲਾਂਟ ਅਤੇ LED ਲਾਈਟਿੰਗ ਪ੍ਰਣਾਲੀ ਵਾਤਾਵਰਣ ਸੁਰੱਖਿਆ ਵੱਲ ਹਵਾਈ ਅੱਡੇ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਭਾਰਤੀ ਹਵਾਈ ਅੱਡਾ ਅਥਾਰਟੀ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੱਜ ਪੰਜਾਬ ਦੇ ਸੈਰ-ਸਪਾਟੇ, ਧਾਰਮਿਕ ਯਾਤਰਾ ਅਤੇ ਆਰਥਿਕ ਵਿਕਾਸ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ ਅਤੇ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀਆਂ ਲਈ ਇੱਕ ਅਹਿਮ ਅੰਤਰਰਾਸ਼ਟਰੀ ਗੇਟਵੇ ਵਜੋਂ ਆਪਣੀ ਪਛਾਣ ਹੋਰ ਮਜ਼ਬੂਤ ਕਰ ਰਿਹਾ ਹੈ।

Related Post