Ropar : ਦੋ ਦੋਸਤਾਂ ਨਾਲ ਖੌਫਨਾਕ ਹਾਦਸਾ, ਖੜੇ ਟਰੱਕ 'ਚ ਵੱਜਿਆ ਮੋਟਰਸਾਈਕਲ, ਦੋਵਾਂ ਦੀ ਮੌਕੇ 'ਤੇ ਹੋਈ ਮੌਤ
Ropar News : ਰੂਪਨਗਰ ਦੇ ਨੇੜਲੇ ਪਿੰਡ ਮਲਕਪੁਰ ਵਿਖੇ ਫਲਾਈਓਵਰ ਉੱਤੇ ਇੱਕ ਖੜੇ ਟਰੱਕ ਦੇ ਵਿੱਚ ਮੋਟਰਸਾਈਕਲ (Bike Accident) ਜਾ ਵੱਜਿਆ, ਜਿਸਦੇ ਚੱਲਦਿਆਂ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਸਨ, ਜਿਨ੍ਹਾਂ ਪਹਿਚਾਣ ਮਨਪ੍ਰੀਤ ਸਿੰਘ ਮਨੀ ਮਹਾਦੇਵ ਅਤੇ ਹਰਿਕੀਰਤ ਸਿੰਘ ਹੈਰੀ ਵਜੋਂ ਹੋਈ ਹੈ। ਇਹ ਨੌਜਵਾਨ ਕਿਸੀ ਧਾਰਮਿਕ ਸਥਾਨ 'ਤੇ ਨਤਮਸਤਕ ਹੋਣ ਲਈ ਨਿਕਲੇ ਸਨ, ਪਰ ਰਾਤ ਦੇ ਸਮੇਂ ਭਾਰੀ ਬਰਸਾਤ ਦੇ ਕਾਰਨ ਵਾਪਸ ਆਪਣੇ ਪਿੰਡ ਆ ਰਹੇ ਸਨ। ਦੋਵੇਂ ਨੌਜਵਾਨ ਪਿੰਡ ਘਨੌਲਾ ਦੇ ਰਹਿਣ ਵਾਲੇ ਹਨ। ਇਹ ਨੌਜਵਾਨ ਜਦੋਂ ਪਿੰਡ ਮਲਕਪੁਰ (Malakpur Village) ਵਾਲੇ ਫਲਾਈਓਵਰ 'ਤੇ ਪਹੁੰਚੇ ਤਾਂ ਉੱਥੇ ਇੱਕ ਟਰੱਕ ਖੜਾ ਸੀ ਅਤੇ ਇਹ ਨੌਜਵਾਨ ਸਣੇ ਮੋਟਰਸਾਈਕਲ ਉਸਦੇ ਵਿੱਚ ਜਾ ਵੱਜੇ।
ਉਧਰ, ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨੀ ਦੇ ਪਿਤਾ ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਮਨੀ ਮਹਾਦੇਵ ਜਗਰਾਤਿਆਂ ਦੇ ਵਿੱਚ ਝਾਕੀਆਂ ਦਾ ਕੰਮ ਕਰਦਾ ਹੈ ਅਤੇ ਘਨੋਲੀ ਵਿੱਚ ਉਸਦਾ ਇੱਕ ਸੈਲੂਨ ਵੀ ਹੈ, ਜਦ ਕਿ ਹੈਰੀ ਫਿਲਮ ਲਾਈਨ ਦੇ ਵਿੱਚ ਬਤੌਰ ਮੇਕਅਪ ਆਰਟਿਸਟ ਕੰਮ ਕਰਦਾ ਹੈ ਅਤੇ ਦੋਵਾਂ ਦੀ ਬਚਪਨ ਤੋਂ ਹੀ ਦੋਸਤੀ ਸੀ।
ਪਰਿਵਾਰ ਦਾ ਇਕਲੌਤਾ ਪੁੱਤ ਸੀ ਨੌਜਵਾਨ ਹੈਰੀ
ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਜਵਾਨ ਮੌਕੇ ਉੱਤੇ ਪਹੁੰਚੇ ਅਤੇ ਦੋਵੇਂ ਜ਼ਖਮੀ ਨੌਜਵਾਨਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਰੋਪੜ ਇਲਾਜ ਦੇ ਲਈ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋ ਦੋਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇੰਨਾਂ ਵਿੱਚੋਂ ਮ੍ਰਿਤਕ ਨੌਜਵਾਨ ਹੈਰੀ, ਜੋ ਕਿ ਪਰਿਵਾਰ ਦਾ ਇਕਲੌਤਾ ਪੁੱਤ ਸੀ ਅਤੇ ਇਕੱਲਾ ਹੀ ਕੰਮ ਕਰਦਾ ਸੀ।
ਥਾਣਾ ਸਦਰ ਰੂਪ ਨਗਰ ਦੇ ਇੰਸਪੈਕਟਰ ਸਨੀ ਖੰਨਾ ਨੇ ਨੇ ਕਿਹਾ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ ਤੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
- PTC NEWS