ਅੰਮ੍ਰਿਤਸਰ ਦੇ ਮੀਆਂ-ਬੀਵੀ ਬਟਾਲਾ ਚ 27 ਲੱਖ ਦੀ ਜਾਅਲੀ ਭਾਰਤੀ ਸਮੇਤ ਕਾਬੂ, ਘਰ ਨੂੰ ਬਣਾ ਰੱਖਿਆ ਸੀ ਫੈਕਟਰੀ

By  KRISHAN KUMAR SHARMA April 5th 2024 05:37 PM

Fake Indian Currency: ਬਟਾਲਾ ਪੁਲਿਸ ਨੇ ਕਾਰ ਸਵਾਰ ਪਤੀ-ਪਤਨੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 27 ਲੱਖ ਦੀ ਜਾਅਲੀ ਭਾਰਤੀ ਕਰੰਸੀ (fake currency) ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪੁਲਿਸ ਨੇ ਕਾਰ ਵੀ ਕਬਜ਼ੇ 'ਚ ਲੈ ਲਈ ਹੈ। ਐਸਐਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ 'ਤੇ ਬੀਤੀ ਦੇਰ ਰਾਤ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹਾਈਵੇ 'ਤੇ ਸਥਿਤ ਪਿੰਡ ਸੈਦ ਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਕਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 27 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਸੁਖਬੀਰ ਸਿੰਘ ਅਤੇ ਉਸ ਦੀ ਪਤਨੀ ਗੁਰਇੰਦਰ ਕੌਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।

ਐਸਐਸਪੀ ਬਟਾਲਾ ਨੇ ਦੱਸਿਆ ਕਿ ਜਦ ਦੋਵਾਂ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਪੁੱਛਗਿਛ ਕੀਤੀ ਤਾਂ ਉਨ੍ਹਾਂ ਦੇ ਘਰ ਅੰਮ੍ਰਿਤਸਰ 'ਚ ਜਾਂਚ ਕੀਤੀ ਤਾਂ ਉਥੋਂ 3 ਲੱਖ ਰੁਪਏ ਦੇ ਹੋਰ ਜਾਅਲੀ ਨੋਟ ਮਿਲੇ। ਪੁਲਿਸ ਨੇ ਇਸ ਦੌਰਾਨ ਇਸ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ-ਪੇਪਰ ਆਦਿ ਸਾਮਾਨ ਵੀ ਜਬਤ ਕੀਤਾ ਗਿਆ।

ਘਰ 'ਚ ਹੀ ਤਿਆਰ ਕਰਦੇ ਸੀ ਨੋਟ

ਉਨ੍ਹਾਂ ਦੱਸਿਆ ਕਿ ਇਹ ਪਤੀ-ਪਤਨੀ ਇੰਨੇ ਸ਼ਾਤਿਰ ਹਨ ਕਿ ਇਹ ਨੋਟ ਖੁਦ ਤਿਆਰ ਕਰਦੇ ਸਨ ਅਤੇ ਇਹ ਜੋ ਕਰੰਸੀ ਤਿਆਰ ਕੀਤੀ ਗਈ ਸੀ ਇਹ ਹਿਮਾਚਲ ਪ੍ਰਦੇਸ਼ ਡਿਲੀਵਰੀ ਹੋਣੀ ਸੀ ਅਤੇ ਸਾਰੇ ਨੋਟ 500 ਰੁਪਏ ਦੇ ਸਨ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਇਹ ਇਕ ਲੱਖ ਰੁਪਏ 'ਚ ਚਾਰ ਲੱਖ ਰੁਪਏ ਦੇ ਫਰਜੀ ਨੋਟ ਵੇਚਣੇ ਸਨ।

ਜੇਲ੍ਹ 'ਚ ਤਿਆਰ ਕੀਤੀ ਸੀ ਨਕਲੀ ਨੋਟਾਂ ਦੀ ਯੋਜਨਾ

ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਸੁਖਬੀਰ ਸਿੰਘ ਪਹਿਲਾਂ ਕੋਆਪਰੇਟਿਵ ਬੈਂਕ 'ਚ ਨੌਕਰੀ ਕਰਦਾ ਸੀ ਅਤੇ ਉਥੇ ਵੀ ਕਰੋੜਾਂ ਦਾ ਘਪਲਾ ਕੀਤਾ ਸੀ, ਜਿਸ ਦੇ ਚਲਦੇ ਉਸ ਖਿਲਾਫ ਕੇਸ ਦਰਜ ਹੋਇਆ ਸੀ ਅਤੇ ਗ੍ਰਿਫਤਾਰ ਹੋਣ ਤੋਂ ਬਾਅਦ ਜੇਲ 'ਚ ਭੇਜਿਆ ਗਿਆ। ਜੇਲ 'ਚ ਹੀ ਉਸ ਦੀ ਕਿਸੇ ਨਾਲ ਮੁਲਾਕਾਤ ਹੋਈ ਅਤੇ ਇਸ ਨੇ ਇਹ ਫ਼ਰਜੀ ਨੋਟ ਤਿਆਰ ਕਰਨ ਦਾ ਪਲੈਨ ਕੀਤਾ ਅਤੇ ਮੁੜ ਹੁਣ ਜਦ ਇਹ ਜੇਲ 'ਚੋਂ ਬਾਹਰ ਆਇਆ ਤਾਂ ਇਹ ਕਾਲਾ ਧੰਦਾ ਸ਼ੁਰੂ ਕੀਤਾ ਗਿਆ ਸੀ।

Related Post