Punjab Elections : ਪੋਲਿੰਗ ਬੂਥ 'ਤੇ ਬਰਾਤ ਲੈ ਕੇ ਪਹੁੰਚੇ 2 ਲਾੜੇ , ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ
Punjab Elections : ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਹਨ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂ ਅਰਾਈ ਹਿਠਾੜ ਤੋਂ ਮਮਦੋਟ ਦੇ ਨੇੜਲੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਲਖਵਿੰਦਰ ਸਿੰਘ ਨੇ ਆਪਣੇ ਹੀ ਪਿੰਡ ਕਾਲੂ ਅਰਾਈ ਹਿਠਾੜ ਵਿੱਚ ਬਣੇ ਪੋਲਿੰਗ ਬੂਥ ਤੇ ਜਾ ਕੇ ਆਪਣੀ ਕੀਮਤੀ ਵੋਟ ਦਾ ਭੁਗਤਾਨ ਕੀਤਾ। ਉਸਦੇ ਨਾਲ ਬਰਾਤੀ ਵੀ ਮੌਜੂਦ ਸਨ।
ਬਰਾਤ ਦੀ ਰਵਾਨਗੀ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਸਜੀ ਸਜਾਈ ਕਾਰ ਵਿੱਚ ਰਵਾਨਾ ਹੋ ਕੇ ਲਾੜਾ ਬਰਾਤੀਆਂ ਸਮੇਤ ਪਿੰਡ ਦੇ ਸਕੂਲ 'ਚ ਬਣੇ ਪੁਲਿੰਗ ਬੂਥ 'ਤੇ ਪੁੱਜਾ ਅਤੇ ਵੋਟ ਪਾ ਕੇ ਲੋਕਤੰਤਰ ਦੇ ਮੁਢਲੇ ਹੱਕ ਦੀ ਸਹੀ ਵਰਤੋਂ ਬਾਰੇ ਲੋਕਾਂ ਨਾਲ ਵਿਚਾਰ ਸਾਂਝਾ ਕੀਤਾ। ਉਸਨੇ ਕਿਹਾ ਕਿ ਬਰਾਤ ਜਾਣ ਸਮੇਂ ਵੱਧ ਤੋਂ ਵੱਧ ਅੱਧਾ ਘੰਟਾ ਦੇਰੀ ਹੋ ਸਕਦੀ ਹੈ ਪਰ ਇੱਕ ਇਕ ਵੋਟ ਬਹੁਤ ਕੀਮਤੀ ਹੈ ਅਤੇ ਸਹੀ ਉਮੀਦਵਾਰ ਦੇ ਹੱਕ ਵਿੱਚ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਜਲਾਲਾਬਾਦ ਹਲਕੇ ਦੇ ਬਲਾਕ ਸੰਮਤੀ ਜ਼ੋਨ ਖੁੜੰਜ ਵਿਖੇ ਬੂਥ ਚੱਕ ਸੜੀਆਂ ਬਾਹਰ ਭੰਗੜੇ ਪੈ ਰਹੇ ਹਨ ਤੇ ਬੈਂਡ ਵੱਜ ਰਹੇ ਹਨ। ਦਰਅਸਲ ਪਿੰਡ 'ਚ ਮੁੰਡੇ ਦਾ ਵਿਆਹ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਲਾੜਾ ਬਰਾਤ ਲੈ ਕੇ ਪੋਲਿੰਗ ਬੂਥ 'ਤੇ ਪੁੱਜਿਆ। ਉਸ ਨੇ ਪਹਿਲਾਂ ਆਪਣੀ ਵੋਟ ਭੁਗਤਾਈ ਅਤੇ ਫਿਰ ਸਾਰੀ ਬਰਾਤ ਰਵਾਨਾ ਹੋਈ। ਲਾੜੇ ਨੇ ਕਿਹਾ ਕਿ ਇਹ ਵੋਟ ਪਾਉਣਾ ਸਾਡਾ ਅਧਿਕਾਰ ਹੈ ਅਤੇ ਉਸ ਨੇ ਵੋਟ ਪਾ ਕੇ ਆਪਣਾ ਫਰਜ਼ ਨਿਭਾਇਆ ਹੈ। ਉਸ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਕੰਮ ਹੈ ਅਤੇ ਇਸ ਨੂੰ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਪੰਜਾਬ 'ਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ ਅਤੇ ਵੋਟਾਂ ਪੈਣ ਦਾ ਕੰਮ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਵੋਟਿੰਗ ਈਵੀਐਮ ਮਸ਼ੀਨਾਂ ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਹੈ। ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।
- PTC NEWS