ਆਸ਼ੀਸ਼ ਨੇਗੀ ਵੱਲੋਂ ਸਿੱਖ ਕੌਮ ਨੂੰ ਦਿੱਤੀ ਗਈ ਨਫ਼ਰਤੀ ਧਮਕੀ ਦੇਸ਼ ਦੀ ਅਮਨ-ਸ਼ਾਂਤੀ ਲਈ ਵੱਡਾ ਖ਼ਤਰਾ: ਜਥੇਦਾਰ ਗਿਆਨੀ ਟੇਕ ਸਿੰਘ

ਸਿੰਘ ਸਾਹਿਬ ਨੇ ਇਸ ਘਿਨਾਉਣੀ ਹਰਕਤ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਅਜਿਹੇ ਫਿਰਕੂ ਅਤੇ ਅਰਾਜਕਤਾਵਾਦੀ ਲੋਕ ਦੇਸ਼ ਦੀ ਅਮਨ-ਸ਼ਾਂਤੀ, ਅਖੰਡਤਾ ਅਤੇ ਭਾਈਚਾਰਕ ਸਾਂਝ ਲਈ ਇੱਕ ਵੱਡਾ ਖ਼ਤਰਾ ਹਨ, ਜਿਨ੍ਹਾਂ ਵਿਰੁੱਧ ਤੁਰੰਤ ਸਖ਼ਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ।

By  Aarti June 27th 2026 04:36 PM

ਉਤਰਾਖੰਡ ਦੇ ਇੱਕ ਸ਼ਰਾਰਤੀ ਵਿਅਕਤੀ ਆਸ਼ੀਸ਼ ਨੇਗੀ ਵੱਲੋਂ ਸਿੱਖਾਂ ਨੂੰ ਜੂਨ 1984 ਦੇ ਦੁਖਾਂਤ ਨੂੰ ਦੁਹਰਾਉਣ ਦੀ ਦਿੱਤੀ ਗਈ ਖੁੱਲ੍ਹੀ ਧਮਕੀ ਅਤੇ ਸਿੱਖ-ਵਿਰੋਧੀ ਨਫ਼ਰਤੀ ਬਿਆਨਬਾਜ਼ੀ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਬੇਹੱਦ ਗੰਭੀਰ ਨੋਟਿਸ ਲਿਆ ਹੈ।

ਸਿੰਘ ਸਾਹਿਬ ਨੇ ਇਸ ਘਿਨਾਉਣੀ ਹਰਕਤ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਅਜਿਹੇ ਫਿਰਕੂ ਅਤੇ ਅਰਾਜਕਤਾਵਾਦੀ ਲੋਕ ਦੇਸ਼ ਦੀ ਅਮਨ-ਸ਼ਾਂਤੀ, ਅਖੰਡਤਾ ਅਤੇ ਭਾਈਚਾਰਕ ਸਾਂਝ ਲਈ ਇੱਕ ਵੱਡਾ ਖ਼ਤਰਾ ਹਨ, ਜਿਨ੍ਹਾਂ ਵਿਰੁੱਧ ਤੁਰੰਤ ਸਖ਼ਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ।

ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਬੇਹੱਦ ਸੰਜੀਦਗੀ ਨਾਲ ਆਖਿਆ ਕਿ ਆਸ਼ੀਸ਼ ਨੇਗੀ ਵਰਗੇ ਨਫ਼ਰਤ ਨਾਲ ਭਰੇ ਅਨਸਰ ਸ਼ਾਇਦ ਇਤਿਹਾਸ ਤੋਂ ਪੂਰੀ ਤਰ੍ਹਾਂ ਕੋਰੇ ਹਨ। ਉਨ੍ਹਾਂ ਨੇਗੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਿਸ ਸਿੱਖ ਕੌਮ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਮਹਾਨ ਕੁਰਬਾਨੀਆਂ ਸਦਕਾ ਅੱਜ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ, ਉਸ ਅਣਖੀਲੀ ਕੌਮ ਨੂੰ ਖੁੱਲ੍ਹੇਆਮ ਲਲਕਾਰਨਾ ਅਤੇ ਧਮਕੀਆਂ ਦੇਣਾ ਅੱਗ ਨਾਲ ਖੇਡਣ ਦੇ ਬਰਾਬਰ ਹੈ, ਜਿਸ ਦੇ ਨਤੀਜੇ ਕਿਸੇ ਲਈ ਵੀ ਠੀਕ ਨਹੀਂ ਨਿਕਲਣਗੇ।

ਸਿੰਘ ਸਾਹਿਬ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਤੋਂ ਸਿੱਧ ਹੁੰਦਾ ਹੈ ਕਿ ਦੇਸ਼ ਅੰਦਰ ਕੁਝ ਫਿਰਕੂ ਲੋਕਾਂ ਦੇ ਮਨਾਂ ਵਿੱਚ ਸਿੱਖ ਕੌਮ ਪ੍ਰਤੀ ਨਫ਼ਰਤ ਕਿੰਨੀ ਗਹਿਰੀ ਜੜ੍ਹ ਜਮਾ ਚੁੱਕੀ ਹੈ। ਉਨ੍ਹਾਂ ਦੇਸ਼ ਦੇ ਸਮੂਹ ਸਿੱਖਾਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਰਾਰਤੀ ਲੋਕਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਅਤੇ ਧਾਰਮਿਕ ਯਾਤਰਾਵਾਂ ਦੌਰਾਨ ਪੂਰੀ ਸੰਜਮਤਾ ਬਣਾਈ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਿੱਚ ਨਾ ਆਉਣ।

ਜਥੇਦਾਰ ਸਿੰਘ ਸਾਹਿਬ ਨੇ ਉਤਰਾਖੰਡ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਆਖਿਆ ਕਿ ਸੂਬੇ ਅੰਦਰ ਪਿਛਲੇ ਕੁਝ ਸਮੇਂ ਤੋਂ ਸਿੱਖਾਂ ਦੇ ਪਵਿੱਤਰ ਕਕਾਰਾਂ ਅਤੇ ਧਾਰਮਿਕ ਪਹਿਰਾਵੇ (ਬਾਣੇ) ਉੱਤੇ ਵਾਰ-ਵਾਰ ਨਿਸ਼ਾਨਾ ਸਾਧਿਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਅਤੇ ਸਿੱਖ ਸ਼ਰਧਾਲੂ ਉਤਰਾਖੰਡ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਨ, ਤਾਂ ਉਨ੍ਹਾਂ ਦੀ ਜਾਨ-ਮਾਲ ਅਤੇ ਧਾਰਮਿਕ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਉਣਾ ਉੱਥੋਂ ਦੀ ਸੂਬਾ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ। ਸਿੰਘ ਸਾਹਿਬ ਨੇ ਅਫ਼ਸੋਸ ਜਤਾਇਆ ਕਿ ਪਹਿਲਾਂ ਕੁਝ ਸਥਾਨਕ ਸ਼ਰਾਰਤੀ ਅਨਸਰਾਂ ਨੇ ਸਿੱਖ ਯਾਤਰੀਆਂ ਨੂੰ ਉਨ੍ਹਾਂ ਦੇ ਕਕਾਰਾਂ ਕਾਰਨ ਨਿਸ਼ਾਨਾ ਬਣਾਇਆ ਅਤੇ ਫਿਰ ਇਸ ਸੰਵੇਦਨਸ਼ੀਲ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਦੋਵਾਂ ਭਾਈਚਾਰਿਆਂ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।

ਸਿੰਘ ਸਾਹਿਬ ਨੇ ਉਤਰਾਖੰਡ ਦੇ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਆਖਿਆ ਕਿ ਉਹ ਇਨ੍ਹਾਂ ਅਮਨ-ਦੁਸ਼ਮਣ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਮਿਸਾਲੀ ਕਾਰਵਾਈ ਕਰਨ। ਜੇਕਰ ਸਰਕਾਰ ਨੇ ਇਸ ਵਰਤਾਰੇ ਨੂੰ ਤੁਰੰਤ ਨਾ ਠੱਲ੍ਹਿਆ, ਤਾਂ ਸਿੱਖ ਕੌਮ ਨੂੰ ਉਤਰਾਖੰਡ ਦੀਆਂ ਯਾਤਰਾਵਾਂ ਸਬੰਧੀ ਮਜ਼ਬੂਰਨ ਕੋਈ ਸਖ਼ਤ ਅਤੇ ਦੂਰਗਾਮੀ ਫ਼ੈਸਲਾ ਲੈਣ ਲਈ ਤਿਆਰ ਹੋਣਾ ਪਵੇਗਾ।

ਇਸ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਖ਼ਾਸ ਤਾਕੀਦ ਕੀਤੀ ਕਿ ਉਹ ਆਸ਼ੀਸ਼ ਨੇਗੀ ਵੱਲੋਂ ਸਿੱਖਾਂ ਨੂੰ ਦਿੱਤੀ ਗਈ ਇਸ ਖੁੱਲ੍ਹੀ ਧਮਕੀ ਅਤੇ ਨਫ਼ਰਤੀ ਬਿਆਨ ਦੇ ਖ਼ਿਲਾਫ਼ ਤੁਰੰਤ ਅੰਮ੍ਰਿਤਸਰ ਵਿਖੇ ਪੁਲਿਸ ਕੋਲ ਪਰਚਾ (F.I.R.) ਦਰਜ ਕਰਵਾ ਕੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਹਿੰਮਤ ਨਾ ਕਰ ਸਕੇ।

ਇਹ ਵੀ ਪੜ੍ਹੋ  : ਮਾਨ ਸਰਕਾਰ ਦੀ ਦੋਗਲੀ ਨੀਤੀ ! 'ਮਜ਼ਦੂਰ ਵਿਰੋਧੀ' VB G-RAM-G ਸਕੀਮ ਨੂੰ ਪੰਜਾਬ 'ਚ ਦਿੱਤੀ ਮਨਜੂਰੀ

Related Post