Prabhjeet Singh OpenAI India : ਕੌਣ ਹਨ ਪ੍ਰਭਜੀਤ ਸਿੰਘ ? ਜਿਨ੍ਹਾਂ ਨੇ Uber ਦੇ CEO ਦੇ ਅਹੁਦੇ ਤੋਂ ਦਿੱਤਾ ਅਸਤੀਫਾ, OpenAI ’ਚ ਮਿਲੀ ਵੱਡੀ ਜ਼ਿੰਮੇਵਾਰੀ
Prabhjeet Singh OpenAI India : ਉਬਰ ਇੰਡੀਆ ਦੇ ਸੀਈਓ ਪ੍ਰਭਜੀਤ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਰ ਹੁਣ ਪ੍ਰਭਜੀਤ ਸਿੰਘ ਓਪਨਏਆਈ ’ਚ ਵੱਡਾ ਅਹੁਦਾ ਸਾਂਭਣਗੇ। ਦਰਅਸਲ ਚੈਟਜੀਪੀਟੀ ਦੀ ਮੂਲ ਕੰਪਨੀ, ਓਪਨਏਆਈ, ਨੇ ਭਾਰਤ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਇੱਕ ਨਵਾਂ ਕਦਮ ਚੁੱਕਿਆ ਹੈ।
ਇਸੇ ਦੇ ਚੱਲਦੇ ਕੰਪਨੀ ਨੇ ਪ੍ਰਭਜੀਤ ਸਿੰਘ ਨੂੰ ਨਵਾਂ ਮੁਖੀ ਨਿਯੁਕਤ ਕੀਤਾ ਹੈ। ਜੀ ਹਾਂ ਪ੍ਰਭਜੀਤ ਸਿੰਘ ਹੁਣ ਭਾਰਤ ਵਿੱਚ ਓਪਨਏਆਈ ਦੇ ਸੰਚਾਲਨ ਲਈ ਜ਼ਿੰਮੇਵਾਰੀ ਸੰਭਾਲਣਗੇ। ਫਿਲਹਾਲ ਪ੍ਰਭਜੀਤ ਨੇ ਉਬਰ ਦੇ ਭਾਰਤ ਅਤੇ ਦੱਖਣੀ ਏਸ਼ੀਆ ਦੇ ਪ੍ਰਧਾਨ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
10 ਸਾਲਾਂ ਦਾ ਸਫ਼ਰ ਹੋਇਆ ਖ਼ਤਮ
ਦੱਸ ਦਈਏ ਕਿ ਪ੍ਰਭਜੀਤ ਸਿੰਘ ਨੇ ਲਗਭਗ 10 ਸਾਲ ਉਬਰ ਵਿੱਚ ਕੰਮ ਕੀਤਾ। ਉਹ 2015 ਵਿੱਚ ਕੰਪਨੀ ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ ਭਾਰਤ ਅਤੇ ਦੱਖਣੀ ਏਸ਼ੀਆ ਦੇ ਪ੍ਰਧਾਨ ਬਣੇ। ਉਨ੍ਹਾਂ ਦੀ ਅਗਵਾਈ ਹੇਠ, ਉਬਰ ਨੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ। ਉਬਰ ਨੇ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪ੍ਰਭਜੀਤ ਸਿੰਘ ਨੇ ਕੰਪਨੀ ਲਈ ਇੱਕ ਮਜ਼ਬੂਤ ਨੀਂਹ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ।
ਪ੍ਰਭਜੀਤ ਸਿੰਘ ਭਾਰਤ ’ਚ ਚੈਟਜੀਪੀਟੀ ਦਾ ਕਰਨਗੇ ਵਿਸਤਾਰ
ਓਪਨਏਆਈ ਭਾਰਤ ਦੇ ਅਨੁਸਾਰ ਪ੍ਰਭਜੀਤ ਸਿੰਘ ਭਾਰਤ ਵਿੱਚ ਓਪਨਏਆਈ ਦੇ ਸਭ ਤੋਂ ਸੀਨੀਅਰ ਆਗੂ ਹੋਣਗੇ ਅਤੇ ਕੰਜਿਊਮਰ ਗ੍ਰੋਥ, ਐਂਟਰਪ੍ਰਾਈਜ਼ ਅਡਾਪਸ਼ਨ, ਪਾਟਨਰਸ਼ਿਪ, ਰੈਗੂਲੇਟਰੀ ਮਾਮਲਿਆਂ ਅਤੇ ਕਾਰਜਾਂ ਵਿੱਚ ਕੰਪਨੀ ਦੇ ਪ੍ਰਦਰਸ਼ਨ ਲਈ ਜ਼ਿੰਮੇਵਾਰ ਹੋਣਗੇ।
ਓਪਨਏਆਈ ਭਾਰਤ ’ਚ ਟਾਟਾ ਨਾਲ ਕਰ ਰਿਹਾ ਹੈ ਕੰਮ
ਫਿਲਹਾਲ ਓਪਨਏਆਈ ਭਾਰਤ ਵਿੱਚ ਟਾਟਾ ਸਮੂਹ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ 'ਤੇ ਕੰਮ ਕਰ ਰਿਹਾ ਹੈ। ਇਸ ਵਿੱਚ ਡੇਟਾ ਸੈਂਟਰ ਬੁਨਿਆਦੀ ਢਾਂਚਾ ਸ਼ਾਮਲ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚੋਂ ਇੱਕ ਬਣ ਸਕਦਾ ਹੈ।
ਪ੍ਰਭਜੀਤ ਦੇ ਕਾਰਜਕਾਲ ਦੌਰਾਨ ਉਬਰ ਨੇ ਆਪਣਾ ਕਾਰੋਬਾਰ ਵਧਾਇਆ
ਦੱਸਣਯੋਗ ਹੈ ਕਿ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ, ਉਬਰ ਨੇ ਟੀਅਰ-2 ਅਤੇ ਛੋਟੇ ਸ਼ਹਿਰਾਂ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕੀਤਾ। ਕੰਪਨੀ ਨੇ Uber Moto, Uber Auto ਅਤੇ ਇੰਟਰਸਿਟੀ ਯਾਤਰਾ ਵਰਗੀਆਂ ਸੇਵਾਵਾਂ ਦਾ ਵਿਸਤਾਰ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਨੇ ਡਰਾਈਵਰਾਂ ਅਤੇ ਫਲੀਟ ਆਪਰੇਟਰਾਂ ਨਾਲ ਸਾਂਝੇਦਾਰੀ ਦਾ ਵੀ ਵਿਸਤਾਰ ਕੀਤਾ। ਉਬਰ ਨੇ ONDC ਰਾਹੀਂ ਇੱਕ ਮੈਟਰੋ ਟਿਕਟ ਬੁਕਿੰਗ ਸੇਵਾ ਵੀ ਸ਼ੁਰੂ ਕੀਤੀ, ਜਿਸ ਰਾਹੀਂ ਹੁਣ ਤੱਕ 10 ਮਿਲੀਅਨ ਤੋਂ ਵੱਧ ਮੈਟਰੋ ਯਾਤਰਾਵਾਂ ਬੁੱਕ ਕੀਤੀਆਂ ਜਾ ਚੁੱਕੀਆਂ ਹਨ।
ਉਬਰ ਇੰਡੀਆ ਨੇ ਅਜੇ ਨਹੀਂ ਕੀਤਾ ਨਵੇਂ ਮੁਖੀ ਦਾ ਐਲਾਨ
ਖੈਰ ਪ੍ਰਭਜੀਤ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਉਬਰ ਇੰਡੀਆ ਨੇ ਅਜੇ ਤੱਕ ਨਵੇਂ ਮੁਖੀ ਦਾ ਐਲਾਨ ਨਹੀਂ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਜਲਦੀ ਹੀ ਲੀਡਰਸ਼ਿਪ ਤਬਦੀਲੀ ਯੋਜਨਾ ਦਾ ਖੁਲਾਸਾ ਕੀਤਾ ਜਾਵੇਗਾ। ਮੌਜੂਦਾ ਸਮੇਂ ਵਿੱਚ ਉਬਰ ਨੂੰ ਭਾਰਤ ਵਿੱਚ ਰੈਪਿਡੋ ਅਤੇ ਭਾਰਤ ਟੈਕਸੀ ਵਰਗੇ ਨਵੇਂ ਖਿਡਾਰੀਆਂ ਨਾਲ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : Trump To Visit India : ਅਮਰੀਕੀ ਰਾਸ਼ਟਰਪਤੀ ਟਰੰਪ ਅਗਲੇ ਸਾਲ ਕਰਨਗੇ ਭਾਰਤ ਦਾ ਦੌਰਾ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਿੱਤੀ ਜਾਣਕਾਰੀ
- PTC NEWS