PTC News
Search

Asian Games 2026: ਮਹਿਲਾ ਰਿਲੇਅ ਵਿੱਚ ਭਾਰਤ ਨੇ ਜਿੱਤਿਆ ਗੋਲਡ ਤਾਂ ਪੁਰਸ਼ ਰਿਲੇਅ ਚ ਬ੍ਰਾਂਜ ਮੈਡਲ

Asian Games 2026: ਭਾਰਤ ਦੀ ਮਹਿਲਾ ਰਿਲੇਅ ਟੀਮ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਔਰਤਾਂ ਦੀ 4×400 ਮੀਟਰ ਰਿਲੇਅ ਦੌੜ ਵਿੱਚ 3:29.69 ਮਿੰਟ ਦੇ ਬੈਸਟ ਸਮੇਂ ਨਾਲ ਗੋਲਡ ਮੈਡਲ ਜਿੱਤਿਆ

By  Amritpal Singh September 29th 2026 07:05 PM

Asian Games 2026: ਭਾਰਤ ਦੀ ਮਹਿਲਾ ਰਿਲੇਅ ਟੀਮ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਔਰਤਾਂ ਦੀ 4×400 ਮੀਟਰ ਰਿਲੇਅ ਦੌੜ ਵਿੱਚ 3:29.69 ਮਿੰਟ ਦੇ ਬੈਸਟ ਸਮੇਂ ਨਾਲ ਗੋਲਡ ਮੈਡਲ ਜਿੱਤਿਆ। ਕਿਰਨ, ਪੂਵੰਮਾ, ਪ੍ਰਾਚੀ ਅਤੇ ਵਿਥਿਆ ਦੀ ਟੀਮ ਨੇ ਮਿਲ ਕੇ ਹੈਰਤਅੰਗੇਜ਼ ਪ੍ਰਦਰਸ਼ਨ ਕੀਤਾ। ਇਹ ਮੌਜੂਦਾ ਖੇਡਾਂ ਵਿੱਚ ਭਾਰਤ ਦਾ ਕੁੱਲ ਛੇਵਾਂ ਸੋਨ ਅਤੇ 10ਵੇਂ ਦਿਨ ਦਾ ਦੂਜਾ ਮੈਡਲ ਹੈ। ਵਿਤਿਆ ਰਾਮਰਾਜਨ ਨੇ ਆਖਰੀ 400 ਮੀਟਰ ਵਿੱਚ ਬਹਿਰੀਨ ਅਤੇ ਚੀਨ ਨੂੰ ਪਛਾੜ ਕੇ ਭਾਰਤ ਨੂੰ ਦੂਜੇ ਸਥਾਨ ਤੋਂ ਪਹਿਲੇ ਸਥਾਨ ‘ਤੇ ਪਹੁੰਚਾਇਆ ਅਤੇ ਸੋਨ ਤਗਮਾ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ ਵਿੱਚ ਇਹ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ।

ਐਥਲੈਟਿਕਸ ਦੇ ਆਖਰੀ ਦਿਨ ਧੀਆਂ ਨੇ ਕੀਤਾ ਕਮਾਲ

ਮੰਗਲਵਾਰ 29 ਸਤੰਬਰ ਜਾਪਾਨ ਦੇ ਆਈਚੀ-ਨਾਗੋਆ ਵਿੱਚ ਚੱਲ ਰਹੀਆਂ ਖੇਡਾਂ ਵਿੱਚ ਐਥਲੈਟਿਕਸ ਦਾ ਆਖਰੀ ਦਿਨ ਸੀ। ਇਸ ਦਾ ਮਤਲਬ ਸੀ ਕਿ ਭਾਰਤ ਕੋਲ ਟਰੈਕ ਐਂਡ ਫੀਲਡ ਵਿੱਚ ਵੱਧ ਤੋਂ ਵੱਧ ਮੈਡਲ ਜਿੱਤਣ ਦਾ ਆਖਰੀ ਮੌਕਾ ਸੀ। ਭਾਰਤ ਨੂੰ ਖਾਸ ਕਰਕੇ ਇੱਕ ਗੋਲਡ ਮੈਡਲ ਦੀ ਸਖ਼ਤ ਜ਼ਰੂਰਤ ਸੀ, ਜੋ ਕਿ ਟਰੈਕ ਐਂਡ ਫੀਲਡ ਦੀ ਸ਼ੁਰੂਆਤ ਤੋਂ ਬਾਅਦ ਨਹੀਂ ਆਇਆ ਸੀ। ਪਹਿਲੇ ਦਿਨ ਤੋਂ ਹੀ ਟਰੈਕ ਐਂਡ ਫੀਲਡ ਵਿੱਚ ਸਿਲਵਰ ਅਤੇ ਬ੍ਰਾਂਜ ਮੈਡਲ ਆ ਰਹੇ ਸਨ ਅਤੇ ਇਹ ਸਿਲਸਿਲਾ ਆਖਰੀ ਦਿਨ ਵੀ ਜਾਰੀ ਰਿਹਾ। ਪਰ ਹਰ ਇਵੈਂਟ ਦੇ ਨਾਲ ਗੋਲਡ ਦਾ ਮੌਕਾ ਖਿਸਕਦਾ ਜਾ ਰਿਹਾ ਸੀ।

ਫਿਰ ਆਇਆ ਸੈਕੇਂਡ ਲਾਸਟ ਇਵੈਂਟ, ਜਿਸ ਵਿੱਚ ਭਾਰਤ ਦੀਆਂ ਚਾਰ ਧੀਆਂ ਨੇ ਆਖਰਕਾਰ ਇਹ ਉਡੀਕ ਖਤਮ ਕਰ ਦਿੱਤੀ। ਕਿਰਨ ਨੇ ਇਸ ਫਾਈਨਲ ਵਿੱਚ ਭਾਰਤ ਲਈ ਦੌੜ ਸ਼ੁਰੂ ਕੀਤੀ ਅਤੇ ਫਿਰ ਪੂਵੰਮਾ ਨੂੰ ਬੈਟਨ ਪਕੜਾਈ। 36 ਸਾਲਾ ਪੂਵੰਮਾ ਨੇ ਆਪਣੇ ਤਜਰਬੇ ਦੀ ਪੂਰੀ ਵਰਤੋਂ ਕਰਦਿਆਂ ਭਾਰਤ ਨੂੰ ਟਾਪ-3 ਵਿੱਚ ਪਹੁੰਚਾਇਆ ਅਤੇ ਫਿਰ ਪ੍ਰਾਚੀ ਨੂੰ ਜਿੰਮੇਦਾਰੀ ਸੌਂਪ ਦਿੱਤੀ। ਪ੍ਰਾਚੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਦੂਜੇ ਸਥਾਨ ‘ਤੇ ਪਹੁੰਚਾਇਆ।


ਆਖਰੀ ਰਾਉਂਡ ‘ਚ ਬਦਲ ਗਿਆ ਦੌੜ ਦਾ ਰੁਖ਼

ਪ੍ਰਾਚੀ ਨੇ ਜਿਵੇਂ ਹੀ ਵਿਥਿਆ ਰਾਮਰਾਜ ਨੂੰ ਆਖਰੀ ਰਾਉਂਡ ਦੀ ਬੈਟਨ ਫੜਾਈ ਤਾਂ ਉੱਥੋਂ ਦੌੜ ਦਾ ਰੁਖ਼ ਬਦਲ ਗਿਆ। ਇੱਕ ਦਿਨ ਪਹਿਲਾਂ ਹੀ ਔਰਤਾਂ ਦੀ 400 ਮੀਟਰ ਰੁਕਾਵਟ ਦੌੜ ਵਿੱਚ ਬ੍ਰਾਂਜ ਮੈਡਲ ਜਿੱਤਣਅਤੇ ਪੀਟੀ ਉਸ਼ਾ ਦੇ ਸਾਲਾਂ ਪੁਰਾਣੇ ਰਿਕਾਰਡ ਨੂੰ ਤੋੜਣ ਵਾਲੀ ਵਿਥਿਆਨੇ ਇੱਕ ਵਾਰ ਫਿਰ ਆਪਣੀ ਤਾਕਤ ਦਿਖਾਈ। 28 ਸਾਲਾ ਵਿਥਿਆ ਨੇ ਮਜ਼ਬੂਤ ​​ਸ਼ੁਰੂਆਤ ਕੀਤੀ, ਮੋਹਰੀ ਚੀਨੀ ਦੌੜਾਕ ਨੂੰ ਪਛਾੜ ਕੇ ਨੰਬਰ ਇੱਕ ਬਣ ਗਈ। ਹਾਲਾਂਕਿ, ਬਹਿਰੀਨ ਦੀ ਦੌੜਾਕ ਬਹੁਤ ਨੇੜੇ ਆ ਗਈ, ਪਰ ਵਿਥਿਆ ਨੇ ਉਸਨੂੰ ਅੱਗੇ ਨਹੀਂ ਨਿਕਲਣ ਦਿੱਤਾ ਅਤੇ ਦੇਸ਼ ਲਈ ਯਾਦਗਾਰ ਗੋਲਡ ਮੈਡਲ ਜਿੱਤ ਕੇ ਹੀ ਦੱਮ ਲਿਆ।

Related Post