Mon, Sep 28, 2026
Whatsapp

ਗਲਤ ਬਿਜਲੀ ਬਿੱਲਾਂ ਕਾਰਨ ਕੁਨੈਕਸ਼ਨ ਨਹੀਂ ਕੱਟੇ ਜਾਣਗੇ- PSPCL

PSPCL News: ਪੰਜਾਬ ਵਿੱਚ ਵਧੇ ਹੋਏ ਜਾਂ ਗਲਤ ਬਿਜਲੀ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ।

Reported by:  PTC News Desk  Edited by:  Amritpal Singh -- September 28th 2026 09:01 PM
ਗਲਤ ਬਿਜਲੀ ਬਿੱਲਾਂ ਕਾਰਨ ਕੁਨੈਕਸ਼ਨ ਨਹੀਂ ਕੱਟੇ ਜਾਣਗੇ- PSPCL

ਗਲਤ ਬਿਜਲੀ ਬਿੱਲਾਂ ਕਾਰਨ ਕੁਨੈਕਸ਼ਨ ਨਹੀਂ ਕੱਟੇ ਜਾਣਗੇ- PSPCL

PSPCL News: ਪੰਜਾਬ ਵਿੱਚ ਵਧੇ ਹੋਏ ਜਾਂ ਗਲਤ ਬਿਜਲੀ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਗਲਤ ਬਿੱਲਾਂ ਕਾਰਨ ਜਿਨ੍ਹਾਂ ਖਪਤਕਾਰਾਂ ਦੇ ਬਕਾਇਆ ਬਿੱਲ ਅਚਾਨਕ ਵਧ ਗਏ ਹਨ, ਉਨ੍ਹਾਂ ਖ਼ਿਲਾਫ਼ ਫਿਲਹਾਲ ਡਿਫਾਲਟਰ ਦੇ ਅਧਾਰ ’ਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਨਹੀਂ ਕੀਤੀ ਜਾਵੇਗੀ।

ਸਰਕਾਰ ਵੱਲੋਂ ਇਹ ਫੈਸਲਾ ਬਿਲਿੰਗ ਸਿਸਟਮ ਵਿੱਚ ਆਈਆਂ ਖਾਮੀਆਂ ਨੂੰ ਦੇਖਦਿਆਂ ਲਿਆ ਗਿਆ ਹੈ। ਜਦੋਂ ਤੱਕ ਬਿਜਲੀ ਬਿੱਲਾਂ ਨਾਲ ਜੁੜੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਤੇ ਖਪਤਕਾਰਾਂ ਦੇ ਬਿੱਲਾਂ ਦੀ ਸਹੀ ਤਰੀਕੇ ਨਾਲ ਜਾਂਚ ਤੇ ਸੋਧ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸਿਰਫ਼ ਵਧੇ ਹੋਏ ਜਾਂ ਗਲਤ ਬਿੱਲ ਦੇ ਆਧਾਰ ’ਤੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਤੋਂ ਰੋਕ ਰਹੇਗੀ।

ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਕਈ ਖਪਤਕਾਰਾਂ ਨੂੰ ਅਜਿਹੇ ਬਿਜਲੀ ਬਿੱਲ ਮਿਲੇ ਹਨ, ਜਿਨ੍ਹਾਂ ਵਿੱਚ ਆਮ ਖਪਤ ਦੇ ਮੁਕਾਬਲੇ ਕਾਫ਼ੀ ਵੱਧ ਰਕਮ ਦਰਜ ਹੋਈ। ਕਈ ਮਾਮਲਿਆਂ ਵਿੱਚ ਕਈ ਮਹੀਨਿਆਂ ਦੀ ਬਿਲਿੰਗ ਇਕੱਠੀ ਹੋਣ ਕਾਰਨ ਵੀ ਬਕਾਇਆ ਰਕਮ ਵਧ ਗਈ। ਰਿਪੋਰਟਾਂ ਮੁਤਾਬਕ ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਅਸਥਾਈ ਬਿਲਿੰਗ ਅਤੇ ਬਾਅਦ ਵਿੱਚ ਇਕੱਠੇ ਬਿੱਲ ਜਾਰੀ ਹੋਣ ਨਾਲ ਇਹ ਸਮੱਸਿਆ ਸਾਹਮਣੇ ਆਈ।

63 ਹਜ਼ਾਰ ਤੋਂ ਵੱਧ ਖਪਤਕਾਰ ਪ੍ਰਭਾਵਿਤ ਹੋਣ ਦੀ ਜਾਣਕਾਰੀ

ਹਾਲੀਆ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਲਗਭਗ 63,702 ਖਪਤਕਾਰ ਇਸ ਬਿਲਿੰਗ ਸਮੱਸਿਆ ਨਾਲ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਕਰੀਬ 78 ਲੱਖ ਬਿਜਲੀ ਖਪਤਕਾਰ ਹਨ।

ਹੁਣ ਬਿੱਲ ਦੀ ਗਲਤੀ ਦਾ ਖਮਿਆਜ਼ਾ ਨਹੀਂ ਭੁਗਤਣਾ ਪਵੇਗਾ

ਸਰਕਾਰ ਦੇ ਇਸ ਫੈਸਲੇ ਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਖਪਤਕਾਰ ਦੇ ਬਿੱਲ ਵਿੱਚ ਗਲਤੀ ਕਾਰਨ ਬਕਾਇਆ ਰਕਮ ਵਧੀ ਹੈ ਤਾਂ ਉਸ ਨੂੰ ਸਿਰਫ਼ ਉਸ ਵਧੀ ਹੋਈ ਰਕਮ ਦੇ ਆਧਾਰ ’ਤੇ ਡਿਫਾਲਟਰ ਮੰਨ ਕੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਨਹੀਂ ਕੀਤੀ ਜਾਵੇਗੀ। ਪਹਿਲਾਂ ਬਿੱਲ ਦੀ ਸਹੀ ਜਾਂਚ ਅਤੇ ਸੋਧ ਕੀਤੀ ਜਾਵੇਗੀ।

ਬਿਲਿੰਗ ਸਿਸਟਮ ਠੀਕ ਹੋਣ ’ਤੇ ਹੋਵੇਗੀ ਅਗਲੀ ਕਾਰਵਾਈ

ਸਰਕਾਰ ਵੱਲੋਂ ਬਿਲਿੰਗ ਸਿਸਟਮ ਨੂੰ ਠੀਕ ਕਰਨ ਅਤੇ ਗਲਤ ਬਿੱਲਾਂ ਦੀ ਸਮੱਸਿਆ ਦੂਰ ਕਰਨ ਤੋਂ ਬਾਅਦ ਹੀ ਬਕਾਇਆ ਰਕਮ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ। PSPCL ਵੱਲੋਂ ਬਿਜਲੀ ਬਿੱਲਾਂ ਨਾਲ ਸਬੰਧਤ ਸ਼ਿਕਾਇਤਾਂ ਲਈ 1912 ਹੈਲਪਲਾਈਨ ਅਤੇ ਆਨਲਾਈਨ ਜਨਤਕ ਸ਼ਿਕਾਇਤ ਪ੍ਰਣਾਲੀ ਵੀ ਉਪਲਬਧ ਕਰਵਾਈ ਗਈ ਹੈ।

ਇਸ ਦੌਰਾਨ ਖਪਤਕਾਰਾਂ ਨੂੰ ਗਲਤ ਬਿੱਲਾਂ ਨੂੰ ਲੈ ਕੇ ਆਉਣ ਵਾਲੀਆਂ ਧੋਖਾਧੜੀ ਵਾਲੀਆਂ ਕਾਲਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਲੁਧਿਆਣਾ ਪੁਲਿਸ ਨੇ ਹਾਲ ਹੀ ਵਿੱਚ ਅਜਿਹੇ ਮਾਮਲਿਆਂ ਬਾਰੇ ਚੇਤਾਵਨੀ ਜਾਰੀ ਕੀਤੀ ਸੀ, ਜਿੱਥੇ ਲੋਕਾਂ ਨੂੰ ਬਿੱਲ ਠੀਕ ਕਰਵਾਉਣ ਜਾਂ ਰਕਮ ਵਾਪਸ ਕਰਵਾਉਣ ਦੇ ਨਾਂ ’ਤੇ ਓਟੀਪੀ ਅਤੇ ਨਿੱਜੀ ਜਾਣਕਾਰੀ ਮੰਗੀ ਜਾ ਰਹੀ ਸੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK