ਜਲੰਧਰ ਚ Heart Attack Prontha wale ਦੀ ਦੁਕਾਨ ’ਤੇ ਹਮਲਾ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ
ਸ਼ਹਿਰ ਵਿੱਚ ਆਪਣੇ ਵਿਲੱਖਣ ਨਾਮ ਕਾਰਨ ਚਰਚਾ ਵਿੱਚ ਆਏ ‘ਹਾਰਟ ਅਟੈਕ ਪਰੌਂਠੇ ਵਾਲੇ’ ਦੀ ਦੁਕਾਨ ਉੱਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
Heart Attack Prontha: ਸ਼ਹਿਰ ਵਿੱਚ ਆਪਣੇ ਵਿਲੱਖਣ ਨਾਮ ਕਾਰਨ ਚਰਚਾ ਵਿੱਚ ਆਏ ‘ਹਾਰਟ ਅਟੈਕ ਪਰੌਂਠੇ ਵਾਲੇ’ ਦੀ ਦੁਕਾਨ ਉੱਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ।
ਪੀੜਤ ਦੁਕਾਨਦਾਰ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕੁਝ ਨੌਜਵਾਨ ਅੱਜ ਦੋ ਵਾਰ ਉਸ ਦੀ ਦੁਕਾਨ ਉੱਤੇ ਹਮਲਾ ਕਰਨ ਦੇ ਇਰਾਦੇ ਨਾਲ ਆਏ ਸਨ, ਪਰ ਕਿਸਮਤ ਚੰਗੀ ਰਹੀ ਕਿ ਉਹ ਅਤੇ ਉਸ ਦੀ ਮਾਂ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ।ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਨੂੰ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਸ ਨੇ ਦੋਸ਼ ਲਾਇਆ ਕਿ ਅੱਜ ਉਸ ਨੂੰ ਜਾਣ ਬੁੱਝ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕੁਝ ਲੋਕ ਉਸ ਨੂੰ ਸ਼ਾਂਤੀ ਨਾਲ ਜਿਉਣ ਨਹੀਂ ਦੇ ਰਹੇ, ਸਗੋਂ ਲਗਾਤਾਰ ਪਰੇਸ਼ਾਨ ਕਰ ਰਹੇ ਹਨ।
ਇਸ ਦੌਰਾਨ ਦੁਕਾਨਦਾਰ ਨੇ ਸੂਬੇ ਦੀ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਉੱਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਉਸ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਅਤੇ ਧਮਕੀਆਂ ਮਿਲਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਜਾਪਦਾ ਹੈ ਕਿ ਪੁਲਿਸ ਕਿਸੇ ਵੱਡੀ ਅਣਹੋਣੀ ਜਾਂ ਘਟਨਾ ਦਾ ਇੰਤਜ਼ਾਰ ਕਰ ਰਹੀ ਹੈ।
ਫ਼ਿਲਹਾਲ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਅਤੇ ਦੁਕਾਨਦਾਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਸੁਤੰਤਰ ਤੌਰ ਉੱਤੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਪ੍ਰਸ਼ਾਸਨ ਦਾ ਅਧਿਕਾਰਤ ਪੱਖ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।