Bengaluru : ਧੋਤੀ ਪਾਕੇ ਪਹੁੰਚੇ ਕਿਸਾਨ ਨੂੰ ਮਾਲ ਚ ਨਹੀਂ ਮਿਲੀ ਐਂਟਰੀ, ਵਿਰੋਧ ਤੋਂ ਬਾਅਦ ਮਾਲ ਬੰਦ, ਲੱਗਾ ਤਾਲਾ !
ਧੋਤੀ ਪਾਕੇ ਆਏ ਕਿਸਾਨ ਨੂੰ ਮਾਲ ਵਿੱਚ ਐਂਟਰੀ ਨਾ ਦੇਣ ਕਾਰਨ ਕਰਨਾਟਕ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਜੀਟੀ ਮਾਲ ਨੂੰ ਸੱਤ ਦਿਨਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਜਾਣੋ ਪੂਰਾ ਮਾਮਲਾ...
Bengaluru GT Mall : ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਧੋਤੀ ਸ਼ਾਮਲ ਹੈ। ਜਿਸ ਨੂੰ ਅੱਜ ਵੀ ਵੱਡੀ ਅਬਾਦੀ ਪਹਿਨਦੀ ਹੈ। ਪਰ, ਇੱਕ ਕਿਸਾਨ ਨੂੰ ਬੇਂਗਲੁਰੂ ਦੇ ਮਸ਼ਹੂਰ ਜੀਟੀ ਮਾਲ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸਨੇ ਧੋਤੀ ਪਾਈ ਹੋਈ ਸੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਹੰਗਾਮਾ ਕੀਤਾ ਤਾਂ ਸਰਕਾਰ ਦੀ ਨੀਂਦ ਉੱਡ ਗਈ। ਹੁਣ ਕਰਨਾਟਕ ਦੀ ਸਿੱਧਰਮਈਆ ਸਰਕਾਰ ਨੇ ਕਾਰਵਾਈ ਕੀਤੀ ਹੈ। ਸਰਕਾਰ ਨੇ ਜੀਟੀ ਮਾਲ ਨੂੰ ਸੱਤ ਦਿਨਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਆਪਣੇ ਬੇਟੇ ਨਾਲ ਫਿਲਮ ਦੇਖਣ ਗਿਆ ਸੀ ਕਿਸਾਨ
ਦਰਅਸਲ, ਫਕੀਰੱਪਾ ਨਾਮ ਦਾ 70 ਸਾਲਾ ਕਿਸਾਨ ਅਤੇ ਉਸਦਾ ਬੇਟਾ ਫਿਲਮ ਦੇਖਣ ਲਈ ਨਾਗਰਾਜ ਮਾਲ ਆਏ ਸਨ। ਜਿੱਥੇ ਟਿਕਟ ਹੋਣ ਦੇ ਬਾਵਜੂਦ ਮਾਲ 'ਚ ਐਂਟਰੀ ਨਹੀਂ ਦਿੱਤੀ ਗਈ। ਜਦੋਂ ਸੁਰੱਖਿਆ ਕਰਮੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਲ ਦੇ ਨਿਯਮਾਂ ਮੁਤਾਬਕ ਧੋਤੀ ਪਹਿਨੇ ਲੋਕ ਅੰਦਰ ਨਹੀਂ ਜਾ ਸਕਦੇ।
ਇਸ ਘਟਨਾ ਤੋਂ ਦੁਖੀ ਕਿਸਾਨ ਅਤੇ ਉਸਦੇ ਪੁੱਤਰ ਨੇ ਇੱਕ ਵੀਡੀਓ ਵਿੱਚ ਮਾਲ ਦੇ ਸੁਰੱਖਿਆ ਕਰਮਚਾਰੀਆਂ ਅਤੇ ਮੈਨੇਜਰ 'ਤੇ ਗੰਭੀਰ ਇਲਜ਼ਾਮ ਲਗਾਏ। ਵੀਡੀਓ 'ਚ ਕਿਸਾਨ ਅਤੇ ਉਸ ਦਾ ਬੇਟਾ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਉਨ੍ਹਾਂ ਦੇ ਕੱਪੜਿਆਂ ਕਾਰਨ ਮਾਲ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ। ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਨਾਗਰਾਜ ਨੇ ਸਰਕਾਰ ਨੂੰ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ।
ਕਿਸਾਨ ਜਥੇਬੰਦੀਆਂ ਨੇ ਮਾਲ ਦੇ ਬਾਹਰ ਪ੍ਰਦਰਸ਼ਨ ਕੀਤਾ
ਇਸ ਘਟਨਾ ਤੋਂ ਨਾਰਾਜ਼ ਸਥਾਨਕ ਕਿਸਾਨ ਯੂਨੀਅਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਮਾਲ ਪ੍ਰਬੰਧਕਾਂ ਤੋਂ ਕਿਸਾਨ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਅਦਾਕਾਰਾ ਅਤੇ ਮਾਡਲ ਗੌਹਰ ਖਾਨ ਨੇ ਇੰਸਟਾਗ੍ਰਾਮ 'ਤੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਸਨੇ ਲਿਖਿਆ, "ਇਹ ਬਿਲਕੁਲ ਸ਼ਰਮਨਾਕ ਹੈ। ਮਾਲ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਭਾਰਤ ਹੈ ਅਤੇ ਸਾਨੂੰ ਆਪਣੇ ਸੱਭਿਆਚਾਰ 'ਤੇ ਮਾਣ ਹੋਣਾ ਚਾਹੀਦਾ ਹੈ।
ਵਿਧਾਨ ਸਭਾ 'ਚ ਉਠਿਆ ਮੁੱਦਾ, ਸੱਤ ਦਿਨਾਂ ਲਈ ਮਾਲ ਬੰਦ
ਇਹ ਮੁੱਦਾ ਕਰਨਾਟਕ ਵਿਧਾਨ ਸਭਾ ਸੈਸ਼ਨ ਵਿੱਚ ਉਠਾਇਆ ਗਿਆ ਸੀ ਅਤੇ ਕਰਨਾਟਕ ਦੇ ਸ਼ਹਿਰੀ ਵਿਕਾਸ ਮੰਤਰੀ ਬਿਰਥੀ ਸੁਰੇਸ਼ ਨੇ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਸੀ। ਵਿਧਾਨ ਸਭਾ ਵਿੱਚ ਬੋਲਦੇ ਹੋਏ ਸੁਰੇਸ਼ ਨੇ ਕਿਹਾ, "ਕਾਨੂੰਨ ਦੇ ਅਨੁਸਾਰ, ਸਰਕਾਰ ਸੱਤ ਦਿਨਾਂ ਲਈ ਮਾਲ ਨੂੰ ਬੰਦ ਕਰ ਰਹੀ ਹੈ। ਮੈਂ ਬਰੁਹਤ ਬੇਂਗਲੁਰੂ ਮਿਉਂਸਪਲ ਕਾਰਪੋਰੇਸ਼ਨ (ਬੀਬੀਐਮਪੀ) ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ, ਅਤੇ ਘਟਨਾ ਦੇ ਖਿਲਾਫ ਕਾਰਵਾਈ ਦੇ ਤੌਰ 'ਤੇ ਮਾਲ ਨੂੰ ਬੰਦ ਕੀਤਾ ਜਾ ਰਿਹਾ ਹੈ। ਸੁਰੇਸ਼ ਦੇ ਐਲਾਨ ਤੋਂ ਬਾਅਦ, ਸਪੀਕਰ ਯੂਟੀ ਖਾਦਰ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਮੰਤਰੀ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ।
ਮਾਲ ਪ੍ਰਬੰਧਨ ਨੇ ਮੰਗੀ ਮੁਆਫੀ
ਇਸ ਦੌਰਾਨ ਮਾਲ ਵਿੱਚ ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਮਾਲ ਪ੍ਰਬੰਧਕਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਆਖੀ ਹੈ। ਇਸ ਤੋਂ ਬਾਅਦ ਕਿਸਾਨਾਂ ਦੇ ਇਸ ਰੋਸ ਨੂੰ ਦੇਖਦਿਆਂ ਮਾਲ ਦੇ ਇੰਚਾਰਜ ਨੇ ਕਿਸਾਨ ਨੂੰ ਬੁਲਾ ਕੇ ਉਸ ਤੋਂ ਮੁਆਫੀ ਮੰਗੀ। ਜਦੋਂ ਮਾਲ ਅਧਿਕਾਰੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਕਿਸਾਨ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੈਂਗਲੁਰੂ 'ਚ ਵੀ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਸੀ, ਜਦੋਂ ਇਕ ਵਿਅਕਤੀ ਨੂੰ ਉਸ ਦੇ ਪਹਿਰਾਵੇ ਕਾਰਨ ਮੈਟਰੋ ਸਟੇਸ਼ਨ 'ਤੇ ਐਂਟਰੀ ਨਹੀਂ ਦਿੱਤੀ ਗਈ ਸੀ। ਬਾਅਦ ਵਿੱਚ ਬੀਐਮਆਰਸੀਐਲ ਨੇ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਮੁਅੱਤਲ ਕਰ ਦਿੱਤਾ।
ਇਹ ਵੀ ਪੜ੍ਹੋ: Jyoti Nooran Dispute : ਵਿਵਾਦਾਂ ’ਚ ਗਾਇਕਾ ਜੋਤੀ ਨੂਰਾਂ, ਪਤੀ ਨੇ ਲਾਏ ਗੰਭੀਰ ਇਲਜ਼ਾਮ, ਜਾਣੋ ਮਾਮਲਾ