PTC News
Search

ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਸਿੰਘ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ’ਚੋਂ ਕੀਤਾ ਖ਼ਾਰਜ, ਪੰਜ ਸਿੰਘ ਸਹਿਬਾਨ ਨੇ ਸੁਣਾਇਆ ਫ਼ੈਸਲਾ

ਜਦੋਂ ਤੱਕ ਅਮਰਜੀਤ ਸਿੰਘ ਇਸ ਮਾਮਲੇ ਵਿੱਚੋਂ ਨਿਰਦੋਸ਼ ਸਾਬਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦਾ ਉਹ ਪੰਥ ਵਿੱਚੋਂ ਖਾਰਜ ਮੰਨੇ ਜਾਣਗੇ।

By  Amritpal Singh September 20th 2026 01:06 PM -- Updated: September 20th 2026 02:01 PM
Sri Akal Takht Sahib: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਮੁਅੱਤਲ ਗ੍ਰੰਥੀ ਮਲਕੀਤ ਸਿੰਘ ਉੱਤੇ ਇੱਕ ਬੀਬੀ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਸਖ਼ਤ ਫੈਸਲਾ ਕਰਦਿਆਂ ਦੋਵਾਂ ਨੂੰ ਖ਼ਾਲਸਾ ਪੰਥ ਵਿੱਚੋਂ ਖਾਰਜ ਕਰ ਦਿੱਤਾ ਹੈ।

ਕਿਹਾ ਗਿਆ ਹੈ ਕਿ ਗੰਭੀਰ ਦੋਸ਼ ਲੱਗਣ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਢਾਹ ਲੱਗੀ ਹੈ। ਸਮੂਹ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਦੋਵਾਂ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ। ਦੋਵਾਂ ਉੱਤੇ ਜੀਵਨ ਭਰ ਲਈ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਦੀ ਮੁਕੰਮਲ ਰੋਕ ਲਗਾਈ ਗਈ ਹੈ।


ਜਦੋਂ ਤੱਕ ਅਮਰਜੀਤ ਸਿੰਘ ਇਸ ਮਾਮਲੇ ਵਿੱਚੋਂ ਨਿਰਦੋਸ਼ ਸਾਬਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦਾ ਉਹ ਪੰਥ ਵਿੱਚੋਂ ਖਾਰਜ ਮੰਨੇ ਜਾਣਗੇ।  ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅੱਜ ਹੋਈ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਭਾਈ ਮੰਗਲ ਸਿੰਘ ਹਾਜ਼ਰ ਸਨ।


ਪੰਥ ‘ਚੋਂ ਖ਼ਾਰਜ ਕਰਨ ਅਤੇ ਸਮਾਜਿਕ ਸਾਂਝ ‘ਤੇ ਰੋਕ ਦਾ ਹੁਕਮ
ਜਾਰੀ ਕੀਤੇ ਗਏ ਹੁਕਮਨਾਮੇ ਅਨੁਸਾਰ ਮਲਕੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਖ਼ਾਲਸਾ ਪੰਥ ‘ਚੋਂ ਖ਼ਾਰਜ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਮੁੱਚੀ ਸਿੱਖ ਸੰਗਤ ਨੂੰ ਸਖ਼ਤ ਆਦੇਸ਼ ਦਿੱਤਾ ਗਿਆ ਹੈ ਕਿ ਮਲਕੀਤ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੀ ਸਮਾਜਿਕ, ਧਾਰਮਿਕ ਜਾਂ ਪੰਥਕ ਸਾਂਝ ਨਾ ਰੱਖੀ ਜਾਵੇ। ਇਸ ਤੋਂ ਇਲਾਵਾ ਸਿੱਖ ਸੰਸਥਾਵਾਂ ‘ਚ ਉਨ੍ਹਾਂ ਵੱਲੋਂ ਭਵਿੱਖ ‘ਚ ਕਿਸੇ ਵੀ ਤਰ੍ਹਾਂ ਦੀ ਸੇਵਾ ਜਾਂ ਅਹੁਦਾ ਸੰਭਾਲਣ ‘ਤੇ ਉਮਰ ਭਰ ਲਈ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ।

ਦਿੱਲੀ ਅਤੇ ਮੁੰਬਈ ਦੇ ਮਾਮਲਿਆਂ ‘ਚ ਪ੍ਰਬੰਧਕਾਂ ਨੂੰ ਵੀ ਤਾੜਨਾ
ਇਸ ਦੌਰਾਨ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਕੁਝ ਹੋਰ ਮਾਮਲਿਆਂ ‘ਤੇ ਵੀ ਵਿਚਾਰ-ਵਟਾਂਦਰਾ ਕਰਕੇ ਹੁਕਮ ਜਾਰੀ ਕੀਤੇ ਗਏ। ਇਨ੍ਹਾਂ ‘ਚ ਦਿੱਲੀ ਦੇ ਸੁਭਾਸ਼ ਨਗਰ ਗੁਰਦੁਆਰਾ ਸਾਹਿਬ ਤੇ ਮੁੰਬਈ ਨਾਲ ਸਬੰਧਤ ਮਾਮਲੇ ਵੀ ਸ਼ਾਮਲ ਸਨ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਬੰਧਤ ਪ੍ਰਬੰਧਕਾਂ ਨੂੰ ਸਿੱਖ ਮਰਿਆਦਾ ਦੀ ਪਾਲਣਾ ਯਕੀਨੀ ਬਣਾਉਣ ਲਈ ਸਖ਼ਤ ਤਾੜਨਾ ਤੇ ਚੇਤਾਵਨੀ ਦਿੱਤੀ ਗਈ।

ਜਥੇਦਾਰ ਸਾਹਿਬ ਨੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਸਿੱਖ ਕੌਮ ਅਤੇ ਸਿੱਖ ਸੰਸਥਾਵਾਂ ਦੀ ਮਾਣ-ਮਰਿਆਦਾ ਹਮੇਸ਼ਾ ਬੁਲੰਦ ਰਹੇ ਤੇ ਸਮੁੱਚੀ ਕੌਮ ਚੜ੍ਹਦੀ ਕਲਾ ‘ਚ ਅੱਗੇ ਵਧੇ।


Related Post