ਚੰਡੀਗੜ੍ਹੀਆਂ ਲਈ ਵੱਡੀ ਰਾਹਤ ਦੀ ਖ਼ਬਰ; ਹਰ ਤਰ੍ਹਾਂ ਦੇ ਜਸ਼ਨ ਮਨਾਉਣ ਤੇ ਪਾਬੰਦੀ ਦੇ ਹੁਕਮ ਵਾਪਸ ਲਏ

By  Jasmeet Singh November 19th 2023 11:42 AM

ਚੰਡੀਗੜ੍ਹ: ਯੂ.ਟੀ. ਪ੍ਰਸ਼ਾਸਨ ਨੇ ਭਲਕੇ-ਐਤਵਾਰ ਨੂੰ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ-2023 ਦੇ ਫਾਈਨਲ ਮੈਚ ਸਬੰਧੀ ਜਾਰੀ ਹੁਕਮਾਂ ’ਤੇ ਯੂ-ਟਰਨ ਲੈ ਲਿਆ ਹੈ। ਪ੍ਰਸ਼ਾਸਨ ਨੇ 24 ਘੰਟਿਆਂ ਦੇ ਅੰਦਰ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਜਸ਼ਨ ਮਨਾਉਣ 'ਤੇ ਪਾਬੰਦੀ ਦੇ ਹੁਕਮ ਵਾਪਸ ਲੈ ਲਏ ਹਨ। 

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਨਿੱਚਰਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ ਹੁਣ ਸ਼ਹਿਰ ਦੇ ਕਿਸੇ ਵੀ ਜਨਤਕ ਸਥਾਨ 'ਤੇ ਵੱਡੀ ਸਕਰੀਨ ਲਗਾ ਕੇ ਮੈਚ ਦੇਖੇ ਅਤੇ ਦਿਖਾਏ ਜਾ ਸਕਦੇ ਹਨ। ਜ਼ਿਲ੍ਹਾ ਮੈਜਿਸਟਰੇਟ ਦਾ ਦਫ਼ਤਰ ਐਤਵਾਰ ਨੂੰ ਵੀ ਖੁੱਲ੍ਹਾ ਰਹੇਗਾ। ਓਪਨ ਸਕਰੀਨਾਂ ਆਦਿ ਲਗਾਉਣ ਲਈ ਅਪਲਾਈ ਕਰਨ ਵਾਲਿਆਂ ਨੂੰ ਨਿਯਮਾਂ ਮੁਤਾਬਕ ਮਨਜ਼ੂਰੀ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਚੰਡੀਗੜ੍ਹ ਦੇ ਡੀ.ਸੀ. ਵਿਨੈ ਪ੍ਰਤਾਪ ਸਿੰਘ ਨੇ ਫਾਈਨਲ ਮੈਚ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਮਿਊਜ਼ਿਕ ਸਿਸਟਮ ਵਜਾ ਕੇ ਜਸ਼ਨ ਮਨਾਉਣ 'ਤੇ ਲਗਾਈ ਪਾਬੰਦੀ ਵੀ ਵਾਪਸ ਲੈ ਲਈ ਹੈ। ਡੀ.ਸੀ. ਦੇ ਨਵੇਂ ਹੁਕਮਾਂ ਮੁਤਾਬਕ ਹੁਣ ਚੰਡੀਗੜ੍ਹ ਵਿੱਚ ਸ਼ੋਰ ਪ੍ਰਦੂਸ਼ਣ ਨਿਯਮ-2000 ਤਹਿਤ ਡੀ.ਜੇ., ਢੋਲ ਅਤੇ ਕਾਰ ਮਿਊਜ਼ਿਕ ਸਿਸਟਮ ਆਦਿ ਵਜਾਏ ਜਾ ਸਕਦੇ ਹਨ।

ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਬਾਅਦ ਵੀ ਜਨਤਕ ਥਾਵਾਂ 'ਤੇ ਲਗਾਈਆਂ ਗਈਆਂ ਸਕਰੀਨਾਂ 'ਤੇ ਆਮ ਆਵਾਜ਼ ਨਾਲ ਮੈਚ ਦੇਖਿਆ ਅਤੇ ਦਿਖਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਫਾਈਨਲ ਮੈਚ ਨੂੰ ਲੈ ਕੇ ਐਤਵਾਰ ਨੂੰ ਸ਼ਹਿਰ 'ਚ ਅੰਸ਼ਕ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ। ਉਨ੍ਹਾਂ ਹੁਕਮਾਂ ਮੁਤਾਬਕ ਸ਼ਹਿਰ ਦੇ ਕਿਸੇ ਵੀ ਜਨਤਕ ਸਥਾਨ 'ਤੇ ਖੁੱਲ੍ਹੇਆਮ ਸਕਰੀਨਾਂ ਲਗਾ ਕੇ ਮੈਚ ਦਿਖਾਉਣ 'ਤੇ ਪਾਬੰਦੀ ਲਗਾਈ ਗਈ ਸੀ। ਇੰਨਾ ਹੀ ਨਹੀਂ ਕਿਸੇ ਵੀ ਤਰ੍ਹਾਂ ਦਾ ਸੰਗੀਤ ਵਜਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।

ਇਨ੍ਹਾਂ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸਿਰਫ਼ 24 ਘੰਟਿਆਂ ਵਿੱਚ ਹੀ ਇਹ ਹੁਕਮ ਵਾਪਸ ਲੈ ਲਏ।

ਦੂਜੇ ਪਾਸੇ ਸ਼ਨਿੱਚਰਵਾਰ ਨੂੰ ਨਵੇਂ ਹੁਕਮਾਂ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਭਾਰਤੀ ਕ੍ਰਿਕਟ ਟੀਮ ਅਤੇ ਚੰਡੀਗੜ੍ਹ ਵਾਸੀਆਂ ਨੂੰ ਵਿਸ਼ਵ ਕੱਪ ਫਾਈਨਲ ਮੈਚ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

Related Post