Bathinda News : ਪਿੰਡ ਤੁੰਗਵਾਲੀ ਵਿਖੇ ਖੇਤਾਂ ਚ ਬਣੇ ਇੱਕ ਘਰ ਚ ਹੋਇਆ ਬਲਾਸਟ ,ਟੁੱਟੇ ਘਰ ਦੇ ਸਾਰੇ ਸ਼ੀਸ਼ੇ ਅਤੇ ਦਰਵਾਜ਼ੇ , ਮੌਕੇ ਤੇ ਪਹੁੰਚੀ ਪੁਲਿਸ

Bathinda News : ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਖੇਤਾਂ 'ਚ ਬਣੇ ਇੱਕ ਘਰ 'ਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਲਾਸਟ ਨਾਲ ਘਰ ਦੇ ਸਾਰੇ ਸ਼ੀਸ਼ੇ ਅਤੇ ਦਰਵਾਜ਼ੇ ਟੁੱਟ ਗਏ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ

By  Shanker Badra May 9th 2025 09:02 AM -- Updated: May 9th 2025 10:54 AM

Bathinda News : ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਖੇਤਾਂ 'ਚ ਬਣੇ ਇੱਕ ਘਰ 'ਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਸਰਹੱਦੀ ਖੇਤਰ ਬਠਿੰਡਾ ਵਿੱਚ ਪਾਕਿਸਤਾਨ ਦੇ ਡਰੋਨ ਹਮਲੇ ਦੀ ਕੋਸ਼ਿਸ਼ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਹਾਲਾਂਕਿ ਇਸ ਸਮੇਂ ਦੌਰਾਨ ਤੁੰਗਵਾਲੀ ਪਿੰਡ ਦੇ ਇੱਕ ਘਰ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਪੁਲਿਸ ਸਵੇਰੇ ਹੀ ਮੌਕੇ 'ਤੇ ਪਹੁੰਚ ਗਈ ਅਤੇ ਪਿੰਡ ਵਾਸੀਆਂ ਦੀ ਭੀੜ ਵੀ ਉੱਥੇ ਇਕੱਠੀ ਹੋ ਗਈ।

ਜਾਣਕਾਰੀ ਅਨੁਸਾਰ ਤੁੰਗਵਾਲੀ ਪਿੰਡ ਵਿੱਚ ਧਮਾਕੇ ਕਾਰਨ ਇੱਕ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਕਾਰਨ ਘਰ ਦਾ ਸ਼ੈੱਡ ਵੀ ਨੁਕਸਾਨਿਆ ਗਿਆ ਪਰ ਇਸ ਘਟਨਾ ਦੇ ਬਾਵਜੂਦ ਪਿੰਡ ਵਾਸੀਆਂ ਦੇ ਹੌਸਲੇ ਬੁਲੰਦ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੰਗ ਵਰਗੀਆਂ ਸਥਿਤੀਆਂ ਵਿੱਚ ਅਜਿਹੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਭਾਰਤੀ ਫੌਜ 'ਤੇ ਪੂਰਾ ਭਰੋਸਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।

ਦਰਅਸਲ 'ਚ ਵੀਰਵਾਰ ਨੂੰ ਪਾਕਿਸਤਾਨ ਨੇ ਪੰਜਾਬ 'ਤੇ ਹਮਲਾ ਕੀਤਾ ਸੀ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਖ਼ਬਰਾਂ ਅਨੁਸਾਰ ਪਠਾਨਕੋਟ ਵਿੱਚ ਇੱਕ ਪਾਕਿਸਤਾਨੀ ਜਹਾਜ਼ ਨੂੰ ਡੇਗ ਦਿੱਤਾ ਗਿਆ ਹੈ। ਹਾਲਾਂਕਿ, ਸਰਕਾਰ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਦੇ ਇਲਾਵਾ ਜਲੰਧਰ ਵਿੱਚ ਦੋ ਥਾਵਾਂ 'ਤੇ ਡਰੋਨ ਹਮਲੇ ਹੋਏ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਹਮਲੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਬਠਿੰਡਾ ਵਿੱਚ ਵੀ ਡਰੋਨ ਦੀ ਆਵਾਜਾਈ ਦੇਖੀ ਗਈ ਹੈ।

ਇਸ ਤੋਂ ਪਹਿਲਾਂ 7-8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਆਦਮਪੁਰ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ਵਿੱਚ ਫੌਜੀ ਠਿਕਾਣਿਆਂ 'ਤੇ ਰਾਕੇਟ ਅਤੇ ਮਿਜ਼ਾਈਲਾਂ ਦਾਗੀਆਂ ਸਨ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ  ਹਵਾ ਵਿੱਚ ਹੀ ਮਿਜ਼ਾਈਲਾਂ ਨੂੰ ਬੇਅਸਰ ਕਰ ਦਿੱਤਾ।

ਦੱਸ ਦੇਈਏ ਕਿ ਵੀਰਵਾਰ ਸਵੇਰੇ ਵੀ ਕਈ ਜ਼ਿਲ੍ਹਿਆਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ। ਕਈ ਥਾਵਾਂ 'ਤੇ ਰਾਕੇਟ ਦੇ ਟੁਕੜੇ ਵੀ ਮਿਲੇ। ਅੰਮ੍ਰਿਤਸਰ ਦੇ ਮੱਖਣਵਿੰਡੀ ਪਿੰਡ ਵਿੱਚ ਇੱਕ ਜ਼ਿੰਦਾ ਰਾਕੇਟ ਮਿਲਿਆ ਸੀ। ਇਸ ਤੋਂ ਬਾਅਦ ਫੌਜ ਅਤੇ ਹਵਾਈ ਸੈਨਾ ਦੀਆਂ ਟੀਮਾਂ ਨੇ ਇਸਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ।

Related Post