Video: ਅਮਰੀਕਾ ਚ ਸਮੁੰਦਰੀ ਜਹਾਜ਼ ਟਕਰਾਉਣ ਕਾਰਨ ਟੁੱਟਿਆ ਪੁਲ, ਨਹਿਰ ਚ ਡਿੱਗੀਆਂ ਕਈ ਗੱਡੀਆਂ

ਅਮਰੀਕਾ (america-news) 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਬਾਲਟੀਮੋਰ 'ਚ ਇੱਕ ਸਮੁੰਦਰੀ ਜਹਾਜ਼ ਦੇ ਟਕਰਾ ਜਾਣ ਪਿੱਛੋਂ ਪੁਲ ਤੁਰੰਤ ਵੇਖਦਿਆਂ-ਵੇਖਦਿਆਂ ਹੀ ਡਿੱਗ ਗਿਆ। ਨਤੀਜੇ ਵੱਜੋਂ ਪੁਲ 'ਤੇ ਜਿੰਨੀਆਂ ਵੀ ਗੱਡੀਆਂ ਸਨ, ਸਾਰੀਆਂ ਇੱਕ-ਇੱਕ ਕਰਕੇ ਨਹਿਰ 'ਚ ਜਾ ਡਿੱਗੀਆਂ। ਪੁਲਿਸ ਅਤੇ ਬਚਾਅ ਕਰਮੀਆਂ ਵੱਲੋਂ 7 ਲੋਕਾਂ ਨੂੰ ਨਹਿਰ 'ਚੋਂ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਟਵਿੱਟਰ ਐਕਸ 'ਤੇ ਸਾਂਝੀ ਕੀਤੀ ਇਕ ਵੀਡੀਓ (viral-video) 'ਚ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਫਰਾਂਸਿਸ ਸਕੌਟ ਕੀ ਬ੍ਰਿਜ ਦੇ ਥੰਮ ਨਾਲ ਟਕਰਾ ਗਿਆ, ਜਿਸ ਕਾਰਨ ਪੁਲ ਕਈ ਥਾਵਾਂ ਤੋਂ ਟੁੱਟ ਕੇ ਪਾਣੀ 'ਚ ਡਿੱਗ ਗਿਆ। ਟੱਕਰ ਕਾਰਨ ਜਹਾਜ਼ ਨੂੰ ਵੀ ਅੱਗ ਲੱਗ ਗਈ ਅਤੇ ਇਸ ਤਰ੍ਹਾਂ ਵਿਖਾਈ ਦੇ ਰਿਹਾ ਹੈ ਕਿ ਇਹ ਪਾਣੀ ਵਿੱਚ ਡੁੱਬ ਗਿਆ ਹੈ।
ਬਾਲਟੀਮੋਰ ਫਾਇਰ ਵਿਭਾਗ ਦੇ ਸੰਚਾਰ ਨਿਰਦੇਸ਼ਕ ਕੇਵਿਨ ਕਾਰਟਰਾਈਟ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ, 'ਇਹ ਇੱਕ ਗੰਭੀਰ ਐਮਰਜੈਂਸੀ ਹੈ। ਫਿਲਹਾਲ ਧਿਆਨ ਇਨ੍ਹਾਂ ਲੋਕਾਂ ਨੂੰ ਬਚਾਉਣ 'ਤੇ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੁਲ ਤੋਂ ਕੁਝ ਸਮਾਨ ਲਟਕ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੈਟਾਪਸਕੋ ਨਦੀ ਉੱਤੇ ਬਣੇ ਇਸ ਪੁਲ ਨੂੰ 1977 ਵਿੱਚ ਖੋਲ੍ਹਿਆ ਗਿਆ ਸੀ। ਇਹ ਸ਼ਹਿਰ ਲਈ ਬਹੁਤ ਮਹੱਤਵ ਰੱਖਦਾ ਸੀ, ਜੋ ਬਾਲਟੀਮੋਰ ਦੀ ਬੰਦਰਗਾਹ ਦੇ ਨਾਲ ਪੂਰਬੀ ਤੱਟ 'ਤੇ ਸਮੁੰਦਰੀ ਜ਼ਹਾਜ਼ਾਂ ਦਾ ਕੇਂਦਰ ਹੈ। ਇਸਦਾ ਨਾਮ 'ਦਿ ਸਟਾਰ-ਸਪੈਂਗਲਡ ਬੈਨਰ' ਦੇ ਲੇਖਕ ਦੇ ਨਾਮ 'ਤੇ ਰੱਖਿਆ ਗਿਆ ਹੈ।