Moga News : ਪੰਜਾਬ 'ਚ ਚਿੱਟੇ ਨੇ ਇੱਕ ਹੋਰ ਘਰ ਉਜਾੜਿਆ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਓਵਰਡੋਜ਼ ਕਾਰਨ ਮੌਤ
Moga News : ਪੰਜਾਬ 'ਚ ਨਸ਼ੇ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿਥੇ ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲਾ ਵਿੱਚ ਚਿੱਟੇ ਦੀ ਓਵਰਡੋਜ ਕਾਰਨ 18 ਸਾਲਾਂ ਨੌਜਵਾਨ ਦਿਲਪ੍ਰੀਤ ਦੀ ਮੌਤ (Drug overdose Death) ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦਿਲਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਮਾਤਮ ਛਾ ਗਿਆ।
ਅੰਤਿਮ ਸੰਸਕਾਰ ਦੌਰਾਨ ਦਿਲਪ੍ਰੀਤ ਦੀਆਂ ਭੈਣਾਂ ਨੇ ਸਿਰ ਬੰਨ੍ਹ ਕੇ ਆਪਣੇ ਇਕਲੌਤੇ ਭਰਾ ਨੂੰ ਅੰਤਿਮ ਵਿਦਾਈ ਦਿੱਤੀ। ਇਹ ਦ੍ਰਿਸ਼ ਹਰ ਅੱਖ ਨੂੰ ਨਮ ਕਰ ਗਿਆ। ਆਪਣੇ ਪੁੱਤ ਨੂੰ ਗੁਆ ਚੁੱਕੀ ਮਾਂ ਅਤੇ ਦਾਦੀ ਭੁੱਬਾਂ ਮਾਰ ਮਾਰ ਰੋਂਦੀਆਂ ਨਜ਼ਰ ਆਈਆਂ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਢੋਲੇਵਾਲਾ ਵਿੱਚ ਪਿਛਲੇ 20 ਤੋਂ 25 ਦਿਨਾਂ ਦੇ ਅੰਦਰ ਨਸ਼ੇ ਦੀ ਓਵਰਡੋਜ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਜੋ ਬਹੁਤ ਹੀ ਚਿੰਤਾਜਨਕ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਪਿੰਡ ਵਿੱਚ ਨੌਜਵਾਨਾਂ ਦੀਆਂ ਬਰਾਤਾਂ ਘੱਟ ਅਤੇ ਸ਼ਮਸ਼ਾਨ ਘਾਟ ਵਿੱਚ ਅਰਥੀਆਂ ਜ਼ਿਆਦਾ ਜਾਂਦੀਆਂ ਨਜ਼ਰ ਆ ਰਹੀਆਂ ਹਨ।
ਦਿਲਪ੍ਰੀਤ ਦੀ ਮਾਂ ਅਤੇ ਦਾਦੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚਿੱਟੇ ਵਰਗੇ ਖ਼ਤਰਨਾਕ ਨਸ਼ੇ ਨੂੰ ਜਲਦ ਤੋਂ ਜਲਦ ਪੰਜਾਬ ਵਿੱਚੋਂ ਖਤਮ ਕੀਤਾ ਜਾਵੇ, ਤਾਂ ਜੋ ਸਾਡੇ ਪੁੱਤ ਵਾਂਗ ਹੋਰਾਂ ਦੇ ਪੁੱਤ ਇਸ ਨਸ਼ੇ ਦੀ ਭੇਟ ਨਾ ਚੜ੍ਹਨ।
ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।
- PTC NEWS