Machhiwara News : ਗਊ ਮਾਸ ਦੀ ਤਸਕਰੀ ਕਰਨ ਦੇ ਮਾਮਲੇ 'ਚ ਔਰਤ ਸਮੇਤ 3 ਗ੍ਰਿਫ਼ਤਾਰ, 6 ਮੁਲਜ਼ਮਾਂ ਦੀ ਭਾਲ ਜਾਰੀ
Machhiwara News : ਮਾਛੀਵਾੜਾ ਨੇੜੇ ਪਿੰਡ ਮੁਸ਼ਕਾਬਾਦ ਦੇ ਸਰਹਿੰਦ ਨਹਿਰ ਜੰਗਲੀ ਖੇਤਰ ਵਿਚ ਬੁੱਚੜਖਾਨਾ ਚਲਾ ਕੇ ਗਊਆਂ ਦੇ ਮਾਸ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ, ਜਿਸ ਵਿਚ ਉਨ੍ਹਾਂ ਇੱਕ ਔਰਤ ਸਮੇਤ 2 ਪੁਰਸ਼ਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਯਾਕੂਬ ਅਲੀ ਵਾਸੀ ਗੁੱਜਰਾਂ ਦਾ ਡੇਰਾ ਪਿੰਡ ਪਾਲ ਮਾਜਰਾ, ਮੁਹੰਮਦ ਅਸਲਮ ਅਤੇ ਨੂਰ ਬਾਨੋ ਵਾਸੀਆਨ ਗੁੱਜਰਾਂ ਦਾ ਡੇਰਾ ਪਿੰਡ ਮੁਸ਼ਕਾਬਾਦ ਵਜੋਂ ਹੋਈ ਹੈ।
ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਪ੍ਰੀਤ ਸਿੰਘ ਆਪਣੇ ਸਾਥੀ ਦੇਵੀ ਦਿਆਲ ਰਾਣਾ ਕੌਮੀ ਪ੍ਰਧਾਨ ਰਾਸ਼ਟਰੀ ਗਊ ਰੱਖਿਆ ਦਲ ਨਾਲ ਰੋਪੜ ਤੋਂ ਲੁਧਿਆਣਾ ਕਿਸੇ ਘਰੇਲੂ ਕੰਮ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਸਤੇ ਵਿਚ ਪਿੰਡ ਮੁਸ਼ਕਾਬਾਦ ਨੇੜ੍ਹੇ ਗੁੱਜਰਾਂ ਦੇ ਡੇਰੇ ਕੋਲ ਗਊਆਂ ਬਾਰੇ ਜਾਣਕਾਰੀ ਮਿਲੀ ਸੀ।
ਡੀ.ਐੱਸ.ਪੀ. ਨੇ ਕਿਹਾ ਕਿ ਸੂਚਨਾ ਮਿਲਦੇ ਹੀ ਉਹ ਵੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਉੱਥੇ ਕਰੀਬ 8 ਤੋਂ 10 ਮ੍ਰਿਤਕ ਗਊਆਂ ਦੇ ਅੰਸ਼ ਮਿਲੇ, ਜਦਕਿ 10 ਗਊਆਂ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ। ਛਾਪੇਮਾਰੀ ਦੌਰਾਨ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਪੁਲਿਸ ਨੇ ਕਰੀਬ 10 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ।
ਐੱਸ.ਐੱਸ.ਪੀ. ਡਾ. ਜੋਤੀ ਯਾਦਵ ਅਤੇ ਐੱਸ.ਪੀ.ਡੀ. ਪਵਨਜੀਤ ਦੇ ਨਿਰਦੇਸ਼ਾਂ ’ਤੇ ਪੁਲਿਸ ਟੀਮਾਂ ਤਿਆਰ ਕੀਤੀਆਂ, ਜਿਨ੍ਹਾਂ ਵਿਚ ਥਾਣਾ ਮੁਖੀ ਪਵਿੱਤਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਵਿਚ 6 ਹੋਰ ਮੁਲਜ਼ਮ ਹਨ, ਜਿਨ੍ਹਾਂ ਦੀ ਤਲਾਸ਼ ਲਈ ਛਾਪੇਮਾਰੀ ਜਾਰੀ ਹੈ।
- PTC NEWS