ਬਜਟ 2023: ਵਿਰੋਧੀ ਧਿਰ ਮਹਿੰਗਾਈ ਤੇ ਰੁਜ਼ਗਾਰ ਸਮੇਤ ਇਨ੍ਹਾਂ ਮੁੱਦਿਆਂ 'ਤੇ ਘੇਰ ਸਕਦੀ ਮੋਦੀ ਸਰਕਾਰ

31 ਜਨਵਰੀ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ 'ਚ ਮਹਿੰਗਾਈ-ਰੁਜ਼ਗਾਰ, ਚੀਨ ਨਾਲ ਸਰਹੱਦੀ ਵਿਵਾਦ, ਅਰਥਵਿਵਸਥਾ, ਸੈਂਸਰਸ਼ਿਪ ਸਣੇ ਹੋਰ ਮੁੱਦਿਆਂ 'ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦੀ ਯੋਜਨਾ ਬਣਾਈ ਹੈ।

By  Jasmeet Singh January 30th 2023 02:54 PM -- Updated: January 30th 2023 03:00 PM

ਬਜਟ 2023: 31 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਬਜਟ ਸੈਸ਼ਨ ਵਿੱਚ, ਕੇਂਦਰ ਸਰਕਾਰ ਰਾਸ਼ਟਰਪਤੀ ਦੇ ਭਾਸ਼ਣ ਅਤੇ ਵਿੱਤੀ ਸਾਲ 2023-24 ਦੇ ਆਮ ਬਜਟ 'ਤੇ ਧੰਨਵਾਦ ਦੇ ਮਤੇ 'ਤੇ ਸੁਚਾਰੂ ਚਰਚਾ 'ਤੇ ਧਿਆਨ ਕੇਂਦਰਿਤ ਕਰੇਗੀ। ਹਾਲਾਂਕਿ ਮਹਿੰਗਾਈ-ਰੁਜ਼ਗਾਰ, ਚੀਨ ਨਾਲ ਸਰਹੱਦੀ ਵਿਵਾਦ, ਆਰਥਿਕਤਾ, ਸੈਂਸਰਸ਼ਿਪ ਅਤੇ ਹੋਰ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਹਮਲਾਵਰ ਰੁਖ ਦੇ ਮੱਦੇਨਜ਼ਰ ਬਜਟ ਸੈਸ਼ਨ ਦੇ ਹੰਗਾਮੇ ਭਰੇ ਹੋਣ ਦੀ ਪੂਰੀ ਸੰਭਾਵਨਾ ਹੈ।

30 ਜਨਵਰੀ ਨੂੰ ਆਲ ਪਾਰਟੀ ਮੀਟਿੰਗ

ਇਸ ਦੇ ਮੱਦੇਨਜ਼ਰ ਸਰਕਾਰ ਨੇ ਬਜਟ ਸੈਸ਼ਨ ਤੋਂ ਪਹਿਲਾਂ ਵੱਖ-ਵੱਖ ਵਿਸ਼ਿਆਂ 'ਤੇ ਸਹਿਮਤੀ ਬਣਾਉਣ ਲਈ 30 ਜਨਵਰੀ ਨੂੰ ਸਿਆਸੀ ਪਾਰਟੀਆਂ ਦੇ ਸਦਨ ਦੇ ਆਗੂਆਂ ਦੀ ਸਰਬ ਪਾਰਟੀ ਮੀਟਿੰਗ ਸੱਦੀ ਹੈ। ਕੌਮੀ ਸਮਾਚਾਰ ਏਜੰਸੀ ਦੀ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਬੈਠਕ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ 30 ਜਨਵਰੀ ਨੂੰ ਸੰਸਦ ਲਾਇਬ੍ਰੇਰੀ ਭਵਨ ਵਿਚ ਬੁਲਾਈ ਹੈ।

ਪੁਰਾਣੇ ਸੰਸਦ ਭਵਨ ਦੇ ਕੇਂਦਰੀ ਹਾਲ 'ਚ ਹੋਵੇਗਾ ਰਾਸ਼ਟਰਪਤੀ ਦਾ ਭਾਸ਼ਣ 

ਪਹਿਲਾਂ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰਪਤੀ ਦਾ ਸਾਂਝਾ ਸੰਬੋਧਨ ਨਵੇਂ ਸੰਸਦ ਭਵਨ ਵਿੱਚ ਹੋਵੇਗਾ। ਹਾਲਾਂਕਿ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹਾਲ ਹੀ 'ਚ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਨਵੇਂ ਸੰਸਦ ਭਵਨ ਦਾ ਕੰਮ ਅਜੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਰਾਸ਼ਟਰਪਤੀ ਦਾ ਸੰਬੋਧਨ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਹੀ ਹੋਵੇਗਾ। ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ 'ਚ ਬਿੱਲਾਂ 'ਤੇ ਚਰਚਾ ਅਤੇ ਪਾਸ ਹੋਣ ਦੀ ਭਾਵਨਾ ਘੱਟ ਹੈ। ਹਾਲਾਂਕਿ ਸੈਸ਼ਨ ਦੇ ਦੂਜੇ ਪੜਾਅ 'ਚ ਕਈ ਮਹੱਤਵਪੂਰਨ ਬਿੱਲ ਪੇਸ਼ ਕੀਤੇ ਜਾ ਸਕਦੇ ਹਨ।

31 ਜਨਵਰੀ ਤੋਂ ਹੋਵੇਗਾ ਸ਼ੁਰੂ ਬਜਟ ਸੈਸ਼ਨ  

ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। 31 ਜਨਰੀ ਨੂੰ ਹੀ ਸਰਕਾਰ ਆਰਥਿਕ ਸਰਵੇਖਣ ਵੀ ਪੇਸ਼ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਫਰਵਰੀ 2023 ਨੂੰ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕਰੇਗੀ। ਬਜਟ ਸੈਸ਼ਨ ਦਾ ਪਹਿਲਾ ਪੜਾਅ 3 ਫਰਵਰੀ ਤੱਕ ਚੱਲੇਗਾ, ਜਦਕਿ ਦੂਜਾ ਪੜਾਅ 3 ਮਾਰਚ ਤੋਂ ਸ਼ੁਰੂ ਹੋ ਕੇ 6 ਅਪ੍ਰੈਲ ਤੱਕ ਚੱਲੇਗਾ। ਬਜਟ ਸੈਸ਼ਨ ਦੌਰਾਨ 27 ਮੀਟਿੰਗਾਂ ਹੋਣਗੀਆਂ।

ਕਾਂਗਰਸ ਚੀਨ ਦੇ ਮੁੱਦੇ 'ਤੇ ਚਰਚਾ ਕਰਨਾ ਚਾਹੁੰਦੀ ਹੈ

ਕਾਂਗਰਸ ਚੀਨ ਦੇ ਮੁੱਦੇ 'ਤੇ ਚਰਚਾ ਚਾਹੁੰਦੀ ਹੈ। ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ, ਖੱਬੀਆਂ ਪਾਰਟੀਆਂ, ਆਰਐਸਪੀ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਸੰਸਦ ਸੈਸ਼ਨ ਦੌਰਾਨ ਮਹਿੰਗਾਈ, ਬੇਰੁਜ਼ਗਾਰੀ, ਆਰਥਿਕਤਾ ਨਾਲ ਜੁੜੇ ਮੁੱਦਿਆਂ, ਕੇਂਦਰ-ਰਾਜ ਸਬੰਧਾਂ ਆਦਿ 'ਤੇ ਸਰਕਾਰ ਨੂੰ ਘੇਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਟੀਐਮਸੀ ਨੇ ਸੈਸ਼ਨ ਦੌਰਾਨ ਕੇਂਦਰ-ਰਾਜ ਸਬੰਧਾਂ 'ਤੇ ਬੀਬੀਸੀ ਦੀ ਵਿਵਾਦਤ ਦਸਤਾਵੇਜ਼ੀ ਦੇ ਪਿਛੋਕੜ ਵਿੱਚ ਸੈਂਸਰਸ਼ਿਪ ਦਾ ਮੁੱਦਾ ਉਠਾਉਣ 'ਤੇ ਜ਼ੋਰ ਦਿੱਤਾ ਹੈ।

ਪਾਰਟੀਆਂ ਦਾ ਸਹਿਯੋਗ ਚਾਹੁੰਦੀ ਸਰਕਾਰ

ਇਸ ਬਾਰੇ ਪੁੱਛੇ ਜਾਣ 'ਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦੱਸਿਆ ਕਿ ਬਜਟ ਸੈਸ਼ਨ ਦੇ ਪਹਿਲੇ ਹਿੱਸੇ 'ਚ ਰਾਸ਼ਟਰਪਤੀ ਦੇ ਭਾਸ਼ਣ ਅਤੇ ਉਨ੍ਹਾਂ ਦੇ ਸੰਬੋਧਨ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਹੋਵੇਗੀ। ਆਮ ਬਜਟ ਪੇਸ਼ ਕੀਤਾ ਜਾਵੇਗਾ। ਇਹ ਬਹੁਤ ਮਹੱਤਵਪੂਰਨ ਸੈਸ਼ਨ ਹੈ, ਅਸੀਂ ਸਾਰੀਆਂ ਪਾਰਟੀਆਂ ਦਾ ਸਹਿਯੋਗ ਚਾਹੁੰਦੇ ਹਾਂ। ਵਿਰੋਧੀ ਪਾਰਟੀਆਂ ਵੱਲੋਂ ਉਠਾਏ ਮੁੱਦਿਆਂ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਮੁੱਦੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਵਿੱਚ ਵਿਚਾਰੇ ਜਾਂਦੇ ਹਨ ਅਤੇ ਨਿਯਮਾਂ ਅਨੁਸਾਰ ਹੀ ਉਠਾਏ ਜਾਂਦੇ ਹਨ।

Related Post