Mohali News : ਮੋਹਾਲੀ ਪੁਲਿਸ ਨੇ ਦੋ-ਪਹੀਆ ਵਾਹਨ ਚੋਰੀ ਦੇ ਕਈ ਮਾਮਲਿਆਂ 'ਚ ਸ਼ਾਮਲ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ,ਚੋਰੀ ਕੀਤੇ 6 ਮੋਟਰਸਾਈਕਲ ਬਰਾਮਦ
Mohali News : ਸਮਾਜ ਵਿਰੋਧੀ ਤੱਤਾਂ ਅਤੇ ਅਪਰਾਧੀਆਂ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਐਸਏਐਸ ਨਗਰ ਪੁਲਿਸ ਨੇ ਕਈ ਦੋ-ਪਹੀਆ ਵਾਹਨ ਚੋਰੀ ਦੇ ਮਾਮਲਿਆਂ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਪਾਸੋਂ ਛੇ ਚੋਰੀ ਹੋਏ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਐਸ ਐਸ ਪੀ ਐਸ ਏ ਐਸ ਨਗਰ ਹਰਮਨਦੀਪ ਹਾਂਸ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਪਛਾਣ ਸ਼ੁਭਮ ਸਿੰਘ ਵਾਸੀ ਹਰੀਪੁਰ ਕੂੜਾ, ਡੇਰਾਬੱਸੀ, ਗੁਰਜੀਤ ਸਿੰਘ ਉਰਫ਼ ਲਾਡੀ ਵਾਸੀ ਗੁੱਜੂ ਖੇੜਾ, ਬਨੂੜ ਅਤੇ ਜਤਿੰਦਰ ਕੁਮਾਰ ਵਾਸੀ ਬਾਲਾ ਰਾਮ ਕਲੋਨੀ, ਮੁਬਾਰਿਕਪੁਰ ਵਜੋਂ ਹੋਈ ਹੈ। ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਹਾਂਸ ਨੇ ਕਿਹਾ ਕਿ ਹਾਲ ਹੀ ਵਿੱਚ ਥਾਣਾ ਡੇਰਾਬੱਸੀ ਵਿੱਚ ਕਈ ਦੋ-ਪਹੀਆ ਵਾਹਨ ਚੋਰੀ ਹੋਣ ਦੀ ਰਿਪੋਰਟ ਆਈ ਸੀ। "ਡੇਰਾਬੱਸੀ ਪੁਲਿਸ ਸਟੇਸ਼ਨ ਦੀ ਇੱਕ ਸਮਰਪਿਤ ਟੀਮ ਨੇ ਕਈ ਸੀਸੀਟੀਵੀ ਫੁਟੇਜਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਸ਼ੁਭਮ ਨੂੰ ਸ਼ੱਕੀ ਵਜੋਂ ਪਛਾਣਿਆ।
ਉਪਰੰਤ ਇੱਕ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਐਸ ਐਚ ਓ ਡੇਰਾਬੱਸੀ, ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਵਾਲੀ ਟੀਮ ਨੇ ਡੇਰਾ ਬੱਸੀ ਦੇ ਮੁਬਾਰਿਕਪੁਰ ਤੋਂ ਦੋ ਮੁਲਜ਼ਮਾਂ ਸ਼ੁਭਮ ਅਤੇ ਲਾਡੀ ਨੂੰ ਤਿੰਨ ਚੋਰੀ ਹੋਏ ਮੋਟਰਸਾਈਕਲਾਂ ਦੀ ਬਰਾਮਦਗੀ ਦੇ ਨਾਲ ਗ੍ਰਿਫ਼ਤਾਰ ਕੀਤਾ। ਐਸਐਸਪੀ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਸ਼ੁਭਮ ਨੇ ਤੀਜੇ ਮੁਲਜ਼ਮ ਜਤਿੰਦਰ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ। ਐਸਐਸਪੀ ਨੇ ਕਿਹਾ, "ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮ ਨੇ ਜਤਿੰਦਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ ਤਿੰਨ ਹੋਰ ਚੋਰੀ ਹੋਏ ਮੋਟਰਸਾਈਕਲ ਬਰਾਮਦ ਕੀਤੇ।"
ਐਸਐਸਪੀ ਨੇ ਅੱਗੇ ਕਿਹਾ ਕਿ ਤਿੰਨਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਨ੍ਹਾਂ ਨੂੰ ਥਾਣਾ ਡੇਰਾ ਬੱਸੀ ਵਿਖੇ ਧਾਰਾ 303(2), 317(2) ਬੀ ਐਨ ਐਸ ਅਧੀਨ ਦਰਜ ਐਫ ਆਈ ਆਰ ਨੰਬਰ 151, ਮਿਤੀ 29.05.2025 ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ।
- PTC NEWS