Rajpura : ਕਾਰ ਚਾਲਕ ਦੀ ਵੱਡੀ ਲਾਪਰਵਾਹੀ, ਅਚਾਨਕ ਦਰਵਾਜ਼ਾ ਖੁੱਲ੍ਹਣ ਕਾਰਨ ਮੋਟਰਸਾਈਕਲ ਸਵਾਰ ਦੀ ਗਈ ਜਾਨ, ਬੱਸ ਨੇ ਦਰੜਿਆ
Rajpura Accident : ਮੋਟਰਸਾਈਕਲ ਸਵਾਰ ਜਸਵਿੰਦਰ ਸਿੰਘ ਕਾਰ ਦੇ ਦਰਵਾਜ਼ੇ ਨਾਲ ਟਕਰਾ ਕੇ ਸੜਕ ਦੇ ਵਿਚਕਾਰ ਜਾ ਡਿੱਗਿਆ। ਇਸੇ ਦੌਰਾਨ ਪਿੱਛੋਂ ਆ ਰਹੀ ਖੰਨਾ ਤੋਂ ਅੰਬਾਲਾ ਕੈਂਟ ਜਾ ਰਹੀ PRTC ਦੀ ਸਰਕਾਰੀ ਬੱਸ ਦੇ ਟਾਇਰਾਂ ਹੇਠ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਰਾਜਪੁਰਾ (ਅਮਰਜੀਤ ਸਿੰਘ ਪੰਨੂ) : ਰਾਜਪੁਰਾ ਦੇ ਨਲਾਸ ਰੋਡ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਅਮਰਜੀਤ ਪੈਲੇਸ ਦੇ ਸਾਹਮਣੇ ਵਾਪਰੇ ਇਸ ਹਾਦਸੇ ਵਿੱਚ ਇੱਕ 52 ਸਾਲਾ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜੋ ਨਲਾਸ ਰੋਡ ਦਾ ਰਹਿਣ ਵਾਲਾ ਸੀ।
ਕਾਰ ਚਾਲਕ ਨੇ ਅਚਾਨਕ ਖੋਲ੍ਹਿਆ ਦਰਵਾਜ਼ਾ
ਜਾਣਕਾਰੀ ਅਨੁਸਾਰ, ਜਸਵਿੰਦਰ ਸਿੰਘ ਆਪਣੇ ਇੱਕ ਦੋਸਤ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ੰਭੂ ਥਾਣੇ ਵੱਲ ਜਾ ਰਿਹਾ ਸੀ। ਜਦੋਂ ਉਹ ਅਮਰਜੀਤ ਪੈਲੇਸ ਕੋਲ ਪਹੁੰਚੇ ਤਾਂ ਸੜਕ ਕਿਨਾਰੇ ਖੜ੍ਹੀ ਇੱਕ ਕਾਰ ਦੇ ਚਾਲਕ ਨੇ ਅਚਾਨਕ ਦਰਵਾਜ਼ਾ (ਤਾਕੀ) ਖੋਲ੍ਹ ਦਿੱਤਾ। ਮੋਟਰਸਾਈਕਲ ਸਵਾਰ ਜਸਵਿੰਦਰ ਸਿੰਘ ਕਾਰ ਦੇ ਦਰਵਾਜ਼ੇ ਨਾਲ ਟਕਰਾ ਕੇ ਸੜਕ ਦੇ ਵਿਚਕਾਰ ਜਾ ਡਿੱਗਿਆ। ਇਸੇ ਦੌਰਾਨ ਪਿੱਛੋਂ ਆ ਰਹੀ ਖੰਨਾ ਤੋਂ ਅੰਬਾਲਾ ਕੈਂਟ ਜਾ ਰਹੀ PRTC ਦੀ ਸਰਕਾਰੀ ਬੱਸ ਦੇ ਟਾਇਰਾਂ ਹੇਠ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ 112 ਨੰਬਰ 'ਤੇ ਸੂਚਨਾ ਦਿੱਤੀ। ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
ਏ.ਐੱਸ.ਆਈ. ਭੁਪਿੰਦਰ ਸਿੰਘ (ਸੜਕ ਸੁਰੱਖਿਆ ਫੋਰਸ) ਨੇ ਕਿਹਾ, "ਸਾਨੂੰ ਸੂਚਨਾ ਮਿਲੀ ਸੀ ਕਿ ਅਮਰਜੀਤ ਪੈਲੇਸ ਨੇੜੇ ਹਾਦਸਾ ਹੋਇਆ ਹੈ। ਮ੍ਰਿਤਕ ਜਸਵਿੰਦਰ ਸਿੰਘ ਦੀ ਲਾਸ਼ ਹਸਪਤਾਲ ਪਹੁੰਚਾ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।"