ਪੰਜਾਬੀ ਨੌਜਵਾਨਾਂ ਲਈ ਕੈਨੇਡਾ ਬਣ ਰਿਹੈ 'ਕਾਲ', 2 ਮਹੀਨਿਆਂ 'ਚ ਇੰਨੇ ਘਰਾਂ 'ਚ ਵਿਛੇ ਸੱਥਰ

By  Pardeep Singh January 3rd 2023 03:43 PM -- Updated: January 3rd 2023 03:44 PM

ਚੰਡੀਗੜ੍ਹ : ਪੰਜਾਬੀਆਂ ਦਾ ਪਰਵਾਸ ਨਾਲ ਰਿਸ਼ਤਾ ਕਾਫ਼ੀ ਪੁਰਾਣਾ ਤੇ ਗੂੜਾ ਰਿਹਾ ਹੈ।  ਅੱਜ-ਕੱਲ੍ਹ ਹਰ ਵਿਅਕਤੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾ ਕੇ ਵੱਸਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਪੰਜਾਬ ਵਿਚ ਗੈਂਗਸਟਰ, ਬੇਰੁਜ਼ਗਾਰੀ ਤੇ ਹੋਰ ਸਮੱਸਿਆਵਾਂ ਕਾਰਨ ਲੋਕ ਵਿਦੇਸ਼ ਦੇ ਰੁਖ ਕਰ ਰਹੇ ਹਨ। ਪੰਜਾਬੀ ਬਾਹਰਲੇ ਮੁਲਕਾਂ ਦੇ ਮਾਹੌਲ ਨੂੰ ਹਮੇਸ਼ਾ ਹੀ ਅਮਨ-ਸ਼ਾਂਤੀ ਤੇ ਸੁਖਾਵਾਂ ਸਮਝਦੇ ਹਨ, ਜਦਕਿ ਹਕੀਕਤ ਕੁਝ ਹੋਰ ਹੈ। ਪੰਜਾਬ ਦੇ ਲੋਕ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਕੈਨੇਡਾ ਭੇਜਣ ਨੂੰ ਤਜਵੀਜ਼ ਰਹੇ ਹਨ ਪਰ ਸੁਪਨਿਆਂ ਦੇ ਸ਼ਹਿਰ ਕੈਨੇਡਾ ਤੋਂ ਪੰਜਾਬ ਲਈ ਲਈ ਹਰ ਰੋਜ਼ ਕੋਈ ਨਾ ਕੋਈ ਮਾੜੀ ਖਬਰ ਆ ਰਹੀ ਹੈ। ਪਿਛਲੇ 17 ਦਿਨਾਂ ਵਿਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿਚ 5 ਪੰਜਾਬੀ ਮੁੰਡੇ-ਕੁੜੀਆਂ ਦੀ ਹੱਤਿਆ ਕਰ ਦਿੱਤੀ ਗਈ। ਇਸ ਕਾਰਨ ਵਿਦੇਸ਼ ਗਏ ਬੱਚਿਆਂ ਦੇ ਮਾਪਿਆਂ ਵਿਚ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।                 29 ਨਵੰਬਰ 2022 ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੂੰ ਪੱਛਮੀ ਵੈਨਕੂਵਰ 'ਚ ਇਕ ਕੁੜੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਬਾਅਦ 'ਚ ਪਛਾਣ ਸਰੀ ਤੋਂ ਕਈ ਦਿਨਾਂ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਵਜੋਂ ਹੋਈ ਸੀ। ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਤੇ ਉਸ ਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ।

24 ਨਵੰਬਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ 'ਚ ਇਕ 18 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਮਹਿਕਪ੍ਰੀਤ ਸੇਠੀ ਦਾ ਹਾਈ ਸਕੂਲ ਦੀ ਪਾਰਕਿੰਗ 'ਚ ਨੌਜਵਾਨ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਪਰਿਵਾਰ 8 ਸਾਲ ਪਹਿਲਾਂ ਦੁਬਈ ਤੋਂ ਕੈਨੇਡਾ ਆਇਆ ਸੀ ਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹੈ।

3 ਦਸੰਬਰ ਦੀ ਰਾਤ ਓਨਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ 'ਚ ਇਕ ਪੈਟਰੋ-ਕੈਨੇਡਾ ਗੈਸ ਸਟੇਸ਼ਨ 'ਤੇ ਇਕ ਅਣਪਛਾਤੇ ਹਮਲਾਵਰ ਨੇ ਪਵਨਪ੍ਰੀਤ ਕੌਰ ਨੂੰ ਗੋਲ਼ੀਆਂ ਮਾਰ ਦਿੱਤੀਆਂ ਸਨ, ਜਿੱਥੇ ਉਹ ਰਾਤ ਭਰ ਕੰਮ ਕਰ ਰਹੀ ਸੀ। ਇਸ ਘਟਨਾ ਵੀ ਪਵਨਪ੍ਰੀਤ ਕੌਰ ਦੀ ਮੌਤ ਹੋ ਗਈ ਸੀ।

 3 ਦਸੰਬਰ ਨੂੰਹੀ ਇਕ ਹੋਰ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਐਡਮਿੰਟਨ ਵਿਚ 24 ਸਾਲਾ ਨੌਜਵਾਨ ਸਨਰਾਜ ਸਿੰਘ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ ਗਈ ਸੀ। ਰਾਤ ਕਰੀਬ 8:40 ਵਜੇ ਪੁਲਿਸ ਨੂੰ ਸਾਕਾਵ ਦੇ ਨੇੜੇ 51ਵੀਂ ਸਟਰੀਟ ਤੇ 13ਵੀਂ ਐਵੇਨਿਊ ਦੇ ਖੇਤਰ 'ਚ ਬੁਲਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ। ਸੂਚਨਾ ਮਿਲਣ ਉਤੇ ਮੌਕੇ ਉਤੇ ਪੁੱਜੀ ਪੁਲਿਸ ਨੇ ਸਨਰਾਜ ਨੂੰ ਜ਼ਖ਼ਮੀ ਹਾਲਤ 'ਚ ਦੇਖਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

10 ਦਸੰਬਰ ਨੂੰ 40 ਸਾਲਾ ਹਰਪ੍ਰੀਤ ਕੌਰ ਦਾ ਕੈਨੇਡਾ 'ਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਘਰ 'ਚ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।

21 ਦਸੰਬਰ ਨੂੰ ਪੰਜਾਬ ਦੇ ਨੌਜਵਾਨ ਦੀ ਦਿਲ ਦਾ ਦੌਰਾਨ ਪੈਣ ਕਾਰਨ  ਕੈਨੇਡਾ ਦੇ ਸਰੀ ਵਿੱਚ ਮੌਤ ਹੋ ਗਈ ਜਿਸ ਨਾਲ ਨੌਜਵਾਨ ਦੇ ਇਲਾਕੇ ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿੱਚ ਸੱਥਰ ਬਿੱਛ ਗਏ। ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਉਸਦਾ ਭਰਾ ਗੁਰਜਿੰਦਰ ਸਿੰਘ ਮਾਂਗਟ ਉਰਫ ਗੱਗੀ ਪੁੱਤਰ ਕਰਨੈਲ ਸਿੰਘ 2015 ’ਚ ਕੈਨੇਡਾ (ਸਰੀ) ਗਿਆ ਸੀ, ਜਿਸਦੀ ਪਤਨੀ ਅਤੇ ਉਸਦਾ 6 ਸਾਲਾ ਬੇਟਾ ਵੀ ਕੁਝ ਮਹੀਨੇ ਪਹਿਲਾਂ ਹੀ ਉਸ ਕੋਲ ਕੈਨੇਡਾ ਗਏ ਸਨ।

30 ਦਸੰਬਰ ਨੂੰ ਪਟਿਆਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਟਿਆਲਾ ਦਾ ਹਸ਼ੀਸ਼ ਸਿੰਘ ਸਿਰਫ਼ ਦੋ ਦਿਨ ਪਹਿਲਾਂ ਹੀ ਸਟੱਡੀ ਵੀਜ਼ੇ ਉਤੇ ਬਰੈਂਪਟਨ ਗਿਆ ਸੀ। ਪੁੱਤ ਦੀ ਮੌਤ ਦੀ ਖਬਰ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਨੇ ਕਰਜ਼ਾ ਲੈ ਕੇ ਪੁੱਤ ਵਿਦੇਸ਼ ਭੇਜਿਆ ਸੀ। ਮਿਲੀ ਜਾਣਕਾਰੀ ਅਨੁਸਾਰ ਮੋਬਾਈਲ ਦਾ ਸਿਮ ਲੈਣ ਲਈ ਲਾਈਨ ਵਿੱਚ ਲੱਗਿਆ ਹੋਇਆ ਉਸ ਦੌਰਾਨ ਹੀ ਮੌਤ ਹੋ ਗਈ।

31 ਦਸੰਬਰ ਦੀ ਰਾਤ ਨੂੰ ਢਾਈ ਵਜੇ ਦੇ ਕਰੀਬ ਲੁੱਟ ਦੀ ਨੀਅਤ ਨਾਲ ਕੈਨੇਡਾ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਲੁਟੇਰੇ ਜਾਂਦੇ ਹੋਏ ਉਸ ਦੇ ਸਰੀਰ 'ਤੇ ਪਾਏ ਸਾਰੇ ਗਹਿਣੇ, ਮੋਬਾਇਲ, ਪਰਸ, ਏਟੀਐਮ ਅਤੇ ਪੈਸੇ ਵੀ ਨਾਲ ਲੈ ਗਏ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਇਹ ਨੌਜਵਾਨ ਹੁਸ਼ਿਆਰ ਜ਼ਿਲ੍ਹੇ ਦੇ ਪਿੰਡ ਚੰਦੋਲੀ ਦਾ ਰਹਿਣ ਵਾਲਾ ਸੀ ਜੋ 5 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ।

Related Post