ਕੇਂਦਰ ਦਾ ਪੱਖਪਾਤੀ ਤੇ ਅੜੀਅਲ ਰਵੱਈਆ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ’ਚ ਵੱਡੀ ਰੁਕਾਵਟ: ਅਕਾਲੀ ਦਲ

By  Amritpal Singh November 19th 2023 04:34 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਨੇ ਕਿਹਾ ਹੈ  ਕਿ ਕੇਂਦਰ ਸਰਕਾਰ ਦਾ ਪੱਖਪਾਤੀ ਤੇ ਅੜੀਅਲ ਰਵੱਈਆ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਵਿੱਚ ਵੱਡੀ ਰੁਕਾਵਟ ਹੈ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ 28 ਸਾਲ ਤੋਂ ਜੇਲ੍ਹ ਵਿੱਚ ਅਤੇ 17 ਸਾਲ ਤੋਂ ਫਾਂਸੀ ਚੱਕੀ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਾਉਣਾ ਤੇ ਛੇਤੀ ਰਿਹਾਈ ਲਈ ਯਤਨ ਕਰਨਾ ਸ਼੍ਰੋਮਣੀ ਅਕਾਲੀ ਦਲ ਆਪਣਾ ਕੌਮੀ ਫ਼ਰਜ ਸਮਝਦਾ ਹੈ। ਉਹਨਾਂ ਕਿਹਾ ਕਿ  2012 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਸਮੇਂ ਦੀ ਪੰਥਕ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਹੀ ਅਦਾਲਤ ਵੱਲੋਂ ਭਾਈ ਰਾਜੋਆਣਾ ਦੇ ਜਾਰੀ ਡੈੱਥ ਵਰੰਟ ਤੱਕ ਵੀ ਲਾਗੂ ਨਹੀਂ ਸੀ ਹੋਣ ਦਿੱਤੇ ਗਏ।

ਬਾਦਲ ਨੇ ਕੇਂਦਰ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਅੰਦਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਨਾਂ ਕਰਾਇਆ ਜਾਵੇ।ਉਨਾਂ ਕਿਹਾ ਕਿ ਸਿੱਖ ਇੱਕ ਦੇਸ਼ ਭਗਤ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ।ਬਾਦਲ ਨੇ ਭਾਈ ਰਾਜੋਆਣਾ ਸੰਬੰਧੀ ਅਪੀਲ ਉੱਤੇ ਦੇਸ਼ ਦੇ ਗ੍ਰਹਿ ਮੰਤਰਾਲੇ ਵਲੋਂ 12 ਸਾਲਾਂ ਤੱਕ ਵੀ ਫੈਸਲਾ ਨਾ ਲੈਣ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦੇਂਦਿਆਂ ਕਿਹਾ ਕਿ ਇਹ ਵੱਡੀ ਬੇਇਨਸਾਫੀ ਤੇ ਦੇਸ਼ ਦੇ ਕਾਨੂੰਨ ਦੀ ਵੀ ਉਲੰਘਣਾ ਹੈ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਯਤਨਾਂ ਸਦਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਅਕਤੂਬਰ 2019 ਵਿੱਚ ਕੇਂਦਰ ਸਰਕਾਰ ਵੱਲੋਂ ਭਾਈ ਰਾਜੋਆਣਾ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਮੁਕਰ ਜਾਣਾ ਵੀ ਵੱਡਾ ਧੋਖਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਲੋਕ ਸਭਾ ਵਿੱਚ ਬਿਆਨ ਦੇ ਚੁੱਕੇ ਹਨ ਕਿ "1984 ਵਿੱਚ ਇੰਦਰਾਂ ਗਾਂਧੀ ਨੇ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ ਵੱਡਾ ਗੁਨਾਹ ਕੀਤਾ ਸੀ ਜੋ ਸਿੱਖਾਂ ਲਈ ਇੱਕ ਗਹਿਰਾ ਜ਼ਖ਼ਮ ਹੈ।" ਉਹਨਾਂ ਕਿਹਾ ਕਿ ਇਹਨਾਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਹੀ ਭਾਈ ਰਾਜੋਆਣਾ ਅਤੇ ਉਹਨਾਂ ਦੇ ਸਾਥੀਆਂ ਨੇ ਕਾਨੂੰਨ ਨੂੰ ਤੋੜਿਆ ਸੀ।ਕਾਨੂੰਨ ਤੋੜਣ 'ਤੇ ਅਦਾਲਤ ਵੱਲੋਂ ਮਿਲੀਆਂ ਸਜ਼ਾਵਾਂ ਇਹ ਦੂਗਣੀਆਂ ਦੁਗਣੀਆਂ ਭੁਗਤ ਚੁੱਕੇ ਹਨ।

ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇੰਦਰਾਂ ਗਾਂਧੀ ਤੇ ਹੋਰ ਕਾਂਗਰਸੀ ਹਾਕਮਾਂ ਵੱਲੋਂ ਸਿੱਖਾਂ ਨੂੰ ਦਿੱਤੇ ਜਖਮਾਂ 'ਤੇ ਮੱਲ੍ਹਮ ਲਗਾਉਣ ਲਈ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਤੁਰੰਤ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ।ਉਹਨਾਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੂੰ ਵੀ ਕਿਹਾ ਕਿ ਉਹ ਆਪਣੀ ਬੇਲੋੜੀ ਤੇ ਤਿੱਖੀ ਸ਼ਬਦਾਵਲੀ 'ਤੇ ਕੰਟਰੋਲ ਰੱਖਣ। ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਈ ਰਾਜੋਆਣਾ ਦਾ ਮਸਲਾ ਸਮੁੱਚੀ ਸਿੱਖ ਕੌਮ ਦਾ ਹੈ। ਇਸ ਦੇ ਹੱਲ ਲਈ ਸਾਰੀ ਕੌਮ ਨੂੰ ਇਕਜੁੱਟ ਹੋਕੇ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ। ਉਹਨਾਂ ਨੇ ਭਾਈ ਰਾਜੋਆਣਾ ਸੰਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

Related Post