Weather: ਕੜਾਕੇ ਦੀ ਠੰਡ ਨੇ ਜਗਾਈ ਕਿਸਾਨਾਂ 'ਚ ਉਮੀਦ, ਕਣਕ ਦਾ ਵੱਧ ਸਕਦਾ ਹੈ ਝਾੜ

By  KRISHAN KUMAR SHARMA January 4th 2024 03:23 PM

ਪੀਟੀਸੀ ਨਿਊਜ਼ ਡੈਸਕ: ਕੜਾਕੇ ਦੀ ਪੈ ਰਹੀ ਠੰਢ (Cold) ਜਿਥੇ ਲੋਕਾਂ ਲਈ ਮੁਸ਼ਕਿਲਾਂ ਖੜੀਆਂ ਕਰ ਰਹੀ ਹੈ, ਉਥੇ ਇਸ ਠੰਢ ਨਾਲ ਕਿਸਾਨਾਂ 'ਚ ਕਣਕ ਦੀ ਫਸਲ ਨੂੰ ਲੈ ਕੇ ਉਮੀਦ ਜਾਗੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਠੰਢ ਨਾਲ ਕਣਕ ਦੀ ਫਸਲ ਦਾ ਵਿਕਾਸ ਵਧੇਰੇ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਇਸ ਮੌਕੇ ਕਣਕ ਦੀ ਫਸਲ (Wheat Crop) ਜ਼ਿਆਦਾ ਵੱਧ ਫੁੱਲ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਪ੍ਰਭਾਵਿਤ ਵੀ ਨਹੀਂ ਹੈ, ਜਿਸ ਕਰਕੇ ਕਿਸਾਨਾਂ ਦੇ ਚਿਹਰਿਆਂ ਉੱਪਰ ਰੌਣਕ ਮਹਿਸੂਸ ਕੀਤੀ ਜਾ ਰਹੀ ਹੈ।

ਕਣਕ ਦੇ ਝਾੜ 'ਚ ਵਾਧਾ ਹੋਣ ਦੀ ਉਮੀਦ

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਕਾਫੀ ਦੇਰੀ ਨਾਲ ਪੈ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਹਿਲਾ ਡਰ ਸੀ ਕਿ ਇਸ ਵਾਰ ਜੇਕਰ ਜ਼ਿਆਦਾ ਠੰਡ ਨਹੀਂ ਪੈਂਦੀ ਹੈ ਤਾਂ ਕਣਕ ਦੇ ਝਾੜ 'ਤੇ ਬੁਰਾ ਅਸਰ ਪੈ ਸਕਦਾ ਸੀ ਪਰ ਕਿਸਾਨਾਂ 'ਚ ਇਕ ਉਮੀਦ ਜਾਗ ਪਈ ਹੈ। ਸਰਦੀ ਕਾਰਨ ਪਾਰਾ ਥੱਲੇ ਜਾ ਰਿਹਾ ਹੈ, ਜਿਸ ਕਰਕੇ ਕਣਕ ਦੀ ਫਸਲ ਵਧੀਆ ਹੋਣ ਕਰਕੇ ਝਾੜ ਵੀ ਵਧੀਆ ਨਿਕਲ ਸਕਦਾ ਹੈ। ਇਸ ਇਲਾਕੇ 'ਚ ਭਾਰੀ ਕੋਹਰੇ ਨੇ ਖੇਤਾਂ 'ਚ ਖੜ੍ਹੀਆਂ ਫਸਲਾਂ 'ਤੇ ਚਿੱਟੀ ਚਾਦਰ ਵਿਛਾ ਦਿੱਤੀ ਹੈ।

ਖੇਤੀ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਵਾਰ ਕਣਕ ਦੀ ਉਤਪਾਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋਵੇਗਾ ਹਾਲਾਂਕਿ ਅਜਿਹਾ ਮੌਸਮ ਕਣਕ ਉੱਤੇ ਪੀਲੀ ਕੁੰਗੀ ਦੇ ਹਮਲੇ ਅਤੇ ਪਸਾਰ ਲਈ ਢੁਕਵਾਂ ਹੁੰਦਾ ਹੈ ਅਤੇ ਪਿਛਲੇ ਸਾਲ ਪੀਲੀ ਕੁੰਗੀ ਦੇ ਹਮਲੇ ਨੇ ਕਈ ਇਲਾਕਿਆਂ ’ਚ ਕਣਕ ਦੀ ਪੈਦਾਵਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ।

ਪਟਿਆਲਾ 'ਚ 2 ਲੱਖ 33 ਹਜ਼ਾਰ ਤੋਂ ਵੱਧ ਰਕਬੇ 'ਚ ਕਣਕ ਦੀ ਬਿਜਾਈ

ਕਿਸਾਨਾਂ ਨੂੰ ਠੰਡ ਦਾ ਫਾਇਦਾ ਇਸ ਤੋਂ ਵੀ ਹੁੰਦਾ ਵਿਖਾਈ ਦੇ ਰਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ 2 ਲੱਖ 33 ਹਜ਼ਾਰ 500 ਹੈਕਟੇਅਰ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਠੰਢ ਕਾਰਨ ਕਣਕ ਦਾ ਉਤਪਾਦਨ ਚੰਗਾ ਹੋਵੇਗਾ।

ਇਨ੍ਹਾਂ ਸਬਜ਼ੀਆਂ ਲਈ ਨੁਕਸਾਨਦੇਹ ਹੋ ਸਕਦੀ ਹੈ ਠੰਡ

ਠੰਡ ਕਣਕ ਦੀ ਖੇਤੀ ਦੀ ਉਪਜ ਲਈ ਵਧੇਰੇ ਲਾਹੇਵੰਦ ਹੈ ਪਰ ਆਲੂ ਅਤੇ ਕਈ ਕਿਸਮ ਦੀਆਂ ਸਬਜ਼ੀਆਂ ਲਈ ਬਹੁਤ ਨੁਕਸਾਨਦੇਹ ਹੈ। ਕੋਹਰੇ ਦਾ ਆਲੂ ਦੀ ਫਸਲ ਤੋਂ ਇਲਾਵਾ ਮਟਰ, ਛੋਲੇ, ਸਰ੍ਹੋਂ ਜਿਹੀਆਂ ਫ਼ਸਲਾਂ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਸੀਤ ਲਹਿਰ ਦੇ ਚਲਦਿਆਂ ਪੌਦੇ ਅੰਦਰ ਪਾਣੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਫਸਲ ਸੁੱਕਣ ਲੱਗ ਜਾਂਦੀ ਹੈ।

ਇਹ ਪੀ ਪੜ੍ਹੋ: 

Related Post