Patiala firing : ਪਟਿਆਲਾ ’ਚ ਦਿਨ-ਦਿਹਾੜੇ ਹੋਈ ਗੋਲੀਬਾਰੀ, ਕਾਰ ਸਵਾਰਾਂ ਤੇ ਚਲਾਈਆਂ ਤਾਬੜ-ਤੋੜ ਗੋਲੀਆਂ, ਇਸ ਗੈਂਗ ਨੇ ਲਈ ਜਿੰਮੇਵਾਰੀ
ਜਵਾਬੀ ਕਾਰਵਾਈ ਤੋਂ ਬਾਅਦ ਹਮਲਾਵਰ ਫਰਾਰ
Daytime shooting in Patiala : ਪਟਿਆਲਾ ਦੇ ਭੀੜ-ਭੜੱਕੇ ਵਾਲੇ ਸਫਾਬਾਦੀ ਗੇਟ ਇਲਾਕੇ ਵਿੱਚ ਦਿਨ-ਦਿਹਾੜੇ ਗੋਲੀਬਾਰੀ ਦੀ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਇਕ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਕੁਝ ਨੌਜਵਾਨਾਂ 'ਤੇ ਪਹਿਲਾਂ ਤੋਂ ਘਾਤ ਲਗਾ ਕੇ ਖੜ੍ਹੇ ਤਿੰਨ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਕਾਰ ਸਵਾਰਾਂ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਤੋਂ ਬਾਅਦ ਹਮਲਾਵਰ ਘਬਰਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ :
Chhath : ਛੱਠ ਦੀ ਆਸਥਾ ਦਾ ਭਿਆਨਕ ਰੂਪ ! ਪ੍ਰਸ਼ਾਦ ਜੂਠਾ ਹੋਣ 'ਤੇ ਮਾਂ ਨੇ 4 ਸਾਲਾ ਧੀ ਨੂੰ ਉਤਾਰਿਆ ਮੌਤ ਦੇ ਘਾਟ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਸਵਾਰ ਸੁਖਵਿੰਦਰ ਸਿੰਘ ਉਰਫ਼ ਗਾਗੂ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਗਲੀ ਦੇ ਬਾਹਰ ਆਪਣੇ ਸਾਥੀਆਂ ਸਮੇਤ ਕਾਰ ਵਿੱਚ ਬੈਠ ਕੇ ਕਿਤੇ ਜਾਣ ਲਈ ਨਿਕਲਣ ਹੀ ਲੱਗਿਆ ਸੀ। ਇਸੇ ਦੌਰਾਨ ਉੱਥੇ ਪਹਿਲਾਂ ਤੋਂ ਹੀ ਖੜ੍ਹੇ ਤਿੰਨ ਵਿਅਕਤੀਆਂ ਨੇ ਅਚਾਨਕ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਨੂੰ ਦੇਖਦਿਆਂ ਗਾਗੂ ਨੇ ਤੁਰੰਤ ਆਪਣਾ ਲਾਇਸੰਸੀ ਹਥਿਆਰ ਕੱਢਿਆ ਅਤੇ ਆਪਣੀ ਜਾਨ ਬਚਾਉਣ ਲਈ ਜਵਾਬੀ ਫਾਇਰਿੰਗ ਕੀਤੀ। ਜਵਾਬੀ ਗੋਲ਼ੀਬਾਰੀ ਹੁੰਦੀ ਦੇਖ ਹਮਲਾਵਰ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਨਿਕਲੇ।
ਸੁਖਵਿੰਦਰ ਸਿੰਘ ਉਰਫ਼ ਗਾਗੂ ਨੇ ਇਸ ਹਮਲੇ ਪਿੱਛੇ ਪੁਰਾਣੀ ਰੰਜਿਸ਼ ਅਤੇ ਫਿਰੌਤੀ ਦਾ ਖਦਸ਼ਾ ਜਤਾਇਆ ਹੈ। ਗਾਗੂ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੂੰ ਪਿਛਲੇ ਕਰੀਬ ਇੱਕ ਸਾਲ ਤੋਂ ਬੌਬੀ ਮਾਹੀ ਅਤੇ ਰਵੀ ਮਾਹੀ ਨਾਮ ਦੇ ਵਿਅਕਤੀਆਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਉਸ ਕੋਲੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਉਸ ਨੇ ਦਾਅਵਾ ਕੀਤਾ ਕਿ ਫਿਰੌਤੀ ਨਾ ਦੇਣ ਕਾਰਨ ਹੀ ਅੱਜ ਉਸ 'ਤੇ ਇਹ ਜਾਨਲੇਵਾ ਹਮਲਾ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਅੱਜ ਉਸ ਕੋਲ ਆਪਣਾ ਲਾਇਸੰਸੀ ਹਥਿਆਰ ਨਾ ਹੁੰਦਾ ਅਤੇ ਉਸ ਨੇ ਸਮੇਂ ਸਿਰ ਜਵਾਬੀ ਕਾਰਵਾਈ ਨਾ ਕੀਤੀ ਹੁੰਦੀ, ਤਾਂ ਹਮਲਾਵਰਾਂ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਜਾਨੋਂ ਮਾਰ ਦੇਣਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।