ਸਹੁਰਿਆਂ ਨਾਲ ਝਗੜੇ ਪਿੱਛੋਂ ਪੇਕੇ ਜਾ ਰਹੀ ਔਰਤ ਦੀ ਮਾਂ, ਚਾਚਾ ਤੇ ਚਾਚੀ ਦੀ ਮੌਤ

By  Ravinder Singh November 13th 2022 12:44 PM

ਸਮਰਾਲਾ :  ਬੀਤੀ ਰਾਤ ਸਮਰਾਲਾ ਬਾਈਪਾਸ ਉਤੇ ਲੁਧਿਆਣਾ-ਚੰਡੀਗੜ੍ਹ ਰੋਡ ਉਪਰ ਵਪਾਰੇ ਹਾਦਸੇ ਨੇ ਇਕ ਪਰਿਵਾਰ ਦੇ ਤਿੰਨ ਜੀਆਂ ਨੂੰ ਨਿਗਲ ਲਿਆ ਤੇ ਹਾਦਸੇ 'ਚ 4 ਹੋਰ ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਏ ਹਨ। ਜਿਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਸਮਰਾਲਾ ਦੇ ਸਰਕਾਰੀ ਹਸਪਤਾਲ 'ਚ ਮੁੱਢਲੀ ਸਹਾਇਤਾ ਮਗਰੋਂ ਵੱਖ-ਵੱਖ ਹਸਪਤਾਲਾਂ 'ਚ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮਾਛੀਵਾੜਾ ਸਾਹਿਬ ਵਾਸੀ ਇਕ ਲੜਕੀ ਪ੍ਰੀਤੀ ਕੌਰ ਸਮਰਾਲਾ ਨੇੜਲੇ ਪਿੰਡ ਸਿਹਾਲਾ ਵਿਖੇ ਵਿਆਹੀ ਹੋਈ ਸੀ। ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ। ਦੇਰ ਰਾਤ ਆਪਣੇ ਸਹੁਰੇ ਘਰ ਝਗੜਾ ਹੋਣ ਉਤੇ ਉਸ ਨੇ ਮਾਪਿਆਂ ਨੂੰ ਫੋਨ ਕਰ ਕੇ ਸੱਦ ਲਿਆ।


ਲੜਕੀ ਦਾ ਮਾਪਿਆਂ ਦੇ ਪਰਿਵਾਰ ਜਿਸ ਵਿਚ ਉਸ ਦੀ ਮਾਤਾ, ਚਾਚਾ-ਚਾਚੀ ਤੇ ਇਕ ਹੋਰ ਗੁਆਂਢੀ ਕਾਰ ਵਿਚ ਸਵਾਰ ਹੋ ਕੇ ਰਾਤ ਨੂੰ ਹੀ ਧੀ ਦੇ ਸਹੁਰੇ ਪੁੱਜੇ ਤੇ ਉੱਥੋਂ ਆਪਣੀ ਧੀ ਨੂੰ ਨਾਲ ਲੈ ਕੇ ਰਾਤ ਕਰੀਬ 10 ਵਜੇ ਵਾਪਸ ਮਾਛੀਵਾੜਾ ਸਾਹਿਬ ਨੂੰ ਪਰਤ ਗਏ। ਇਸ ਦੌਰਾਨ ਜਦ ਉਨ੍ਹਾਂ ਦੀ ਕਾਰ ਸਮਰਾਲਾ ਬਾਈਪਾਸ ਕੋਲ ਪੁੱਜੀ ਤਾਂ ਸਾਹਮਣਿਓਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨਾਲ ਹਾਦਸਾ ਵਾਪਰ ਗਿਆ। ਹਾਦਸੇ ਵਿਚ ਪ੍ਰੀਤੀ ਦੀ ਮਾਂ ਚਰਨਜੀਤ ਕੌਰ (44), ਚਾਚਾ ਸਰਬਜੀਤ ਸਿੰਘ (40) ਤੇ ਚਾਚੀ ਰਮਨਦੀਪ ਕੌਰ (38) ਦੀ ਮੌਕੇ ਉਪਰ ਹੀ ਮੌਤ ਹੋ ਗਈ, ਜਦਕਿ ਲੜਕੀ ਪ੍ਰੀਤੀ (25) ਅਤੇ ਉਸ ਦੇ ਇਕ ਹੋਰ ਗੁਆਂਢੀ ਮੱਖਣ ਸਿੰਘ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ  ਦੂਜੀ ਕਾਰ ਵਿਚ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਜ਼ਖਮੀਆਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਥਾਣਾ ਸਮਰਾਲਾ ਦੀ ਪੁਲਿਸ ਨੇ ਵੀ ਮੌਕੇ ਉਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : T20 World Cup:ਇੰਗਲੈਂਡ ਤੇ ਪਾਕਿਸਤਾਨ ਦੇ ਫਾਈਨਲ 'ਤੇ ਮੀਂਹ ਦਾ ਖ਼ਦਸ਼ਾ!

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰੀਤੀ ਦੀ ਹਾਲਤ ਵੀ ਕਾਫੀ ਨਾਜ਼ੁਕ ਬਣੀ ਹੋਈ ਹੈ। ਪਹਿਲਾਂ ਉਸ ਨੂੰ ਲੁਧਿਆਣਾ ਅਤੇ ਉੱਥੋਂ ਪਟਿਆਲਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਪਰ ਬਾਅਦ ਵਿਚ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀਜੀਆਈ ਭੇਜ ਦਿੱਤਾ ਹੈ। ਥਾਣਾ ਸਮਰਾਲਾ ਦੇ ਐੱਸਐਚਓ ਨੇ ਦੱਸਿਆ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

Related Post