Dhurandhar : ਰਣਵੀਰ ਸਿੰਘ ਤੇ ਅਕਸ਼ੇ ਖੰਨਾ ਲਈ ਖਾਸ ਦਸਤਾਰਾਂ..., ਧੁਰੰਦਰਾਂ ਦੇ ਪੱਗ ਬੰਨ੍ਹਣ ਵਾਲੇ ਬਲਵਿੰਦਰ ਸਿੰਘ ਦਾ ਅਹਿਮ ਖੁਲਾਸਾ

Dhurandhar : ਬਲੋਚਿਸਤਾਨੀ ਸਟਾਈਲ ਦੀ ਦਸਤਾਰ ਬਾਰੇ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲਈ ਨਵਾਂ ਤਜਰਬਾ ਸੀ, ਜਿਸ ਲਈ ਉਨ੍ਹਾਂ ਨੇ ਵੀਡੀਓਜ਼ ਅਤੇ ਤਸਵੀਰਾਂ ਦੇਖ ਕੇ ਘਰ ‘ਚ ਕਾਫੀ ਪ੍ਰੈਕਟਿਸ ਕੀਤੀ।

By  KRISHAN KUMAR SHARMA March 28th 2026 01:27 PM

Dhurandhar : ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਰਹਿਣ ਵਾਲੇ ਅਤੇ ਇੰਦਰ ਪੱਗੜੀ ਹਾਊਸ ਦੇ ਮਾਲਕ ਬਲਵਿੰਦਰ ਸਿੰਘ ਨੇ ਫਿਲਮ “ਧੁਰੰਧਰ” ਅਤੇ “ਧੁਰੰਧਰ 2” ਵਿੱਚ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਮੌਕਾ ਪਹਿਲਾਂ ਇੱਕ ਹਾਲੀਵੁੱਡ ਪ੍ਰੋਜੈਕਟ ਵਿੱਚ ਕੀਤੇ ਕੰਮ ਕਾਰਨ ਮਿਲਿਆ, ਜਿੱਥੇ ਉਨ੍ਹਾਂ ਨੇ ਅਨੁਪਮ ਖੇਰ ਨਾਲ ਜੁੜੇ ਕਿਰਦਾਰ ਲਈ ਦਸਤਾਰ ਸਜਾਈ ਸੀ।

ਬਲਵਿੰਦਰ ਸਿੰਘ ਨੇ ਦੱਸਿਆ ਕਿ “ਧੁਰੰਧਰ 2” ਲਈ ਉਨ੍ਹਾਂ ਨੂੰ ਕਰੀਬ ਡੇਢ ਸਾਲ ਬਾਅਦ ਸੰਪਰਕ ਕੀਤਾ ਗਿਆ ਅਤੇ ਉਹ ਲਗਭਗ ਢਾਈ ਮਹੀਨੇ ਤੱਕ ਫਿਲਮ ਦੀ ਟੀਮ ਨਾਲ ਜੁੜੇ ਰਹੇ। ਇਸ ਦੌਰਾਨ ਉਨ੍ਹਾਂ ਨੇ ਰਣਵੀਰ ਸਿੰਘ ਲਈ ਪਟਿਆਲਾ ਸ਼ਾਹੀ ਅਤੇ ਸੈਮੀ ਪਟਿਆਲਾ ਸ਼ਾਹੀ ਅੰਦਾਜ਼ ਦੀਆਂ ਦਸਤਾਰਾਂ ਤਿਆਰ ਕੀਤੀਆਂ, ਜਦਕਿ ਅਕਸ਼ੇ ਖੰਨਾ ਲਈ ਵੀ ਵੱਖਰਾ ਸਟਾਈਲ ਵਰਤਿਆ ਗਿਆ। ਬਲੋਚਿਸਤਾਨੀ ਸਟਾਈਲ ਦੀ ਦਸਤਾਰ (Balochistan style Turban) ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਨਵਾਂ ਤਜਰਬਾ ਸੀ, ਜਿਸ ਲਈ ਉਨ੍ਹਾਂ ਨੇ ਵੀਡੀਓਜ਼ ਅਤੇ ਤਸਵੀਰਾਂ ਦੇਖ ਕੇ ਘਰ ‘ਚ ਕਾਫੀ ਪ੍ਰੈਕਟਿਸ ਕੀਤੀ।

ਉਨ੍ਹਾਂ ਨੇ ਕਿਹਾ ਕਿ ਰਣਵੀਰ ਸਿੰਘ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਵਧੀਆ ਰਿਹਾ। ਸ਼ੂਟਿੰਗ ਦੌਰਾਨ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਪਟਿਆਲਾ, ਹਰਿਆਣਾ ਬਾਰਡਰ ਅਤੇ ਦਿੱਲੀ ਵਿੱਚ ਕਈ ਵਾਰ ਮੁਲਾਕਾਤਾਂ ਹੋਈਆਂ। ਇੱਕ ਯਾਦਗਾਰ ਪਲ ਸਾਂਝਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜਦੋਂ ਉਹ ਬਿਮਾਰ ਹੋ ਗਏ ਸਨ, ਤਾਂ ਰਣਵੀਰ ਸਿੰਘ ਨੇ ਖੁਦ ਉਨ੍ਹਾਂ ਦਾ ਹਾਲ-ਚਾਲ ਪੁੱਛਿਆ, ਜਿਸ ਨਾਲ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ।

AI ਪੋਸਟਰ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੇ ਵਿਸ਼ਵਾਸ ਨਾਲ ਤਾਂ ਨਹੀਂ ਕਹਿ ਸਕਦੇ, ਪਰ ਪੋਸਟਰ ਵਿੱਚ ਦਿਖਾਈ ਗਈ ਪੱਗ ਉਨ੍ਹਾਂ ਦੇ ਹੱਥ ਦੀ ਨਹੀਂ ਲੱਗਦੀ। ਉਨ੍ਹਾਂ ਦੇ ਮੁਤਾਬਕ, ਪੋਸਟਰ ਵਿੱਚ ਦਿਖਾਈ ਗਈ ਦਸਤਾਰ ਅਤੇ ਉਨ੍ਹਾਂ ਵੱਲੋਂ ਬਣਾਈ ਗਈ ਪੱਗ ਵਿੱਚ ਕਾਫੀ ਅੰਤਰ ਹੈ, ਜਿਸ ਨਾਲ ਇਹ ਸੰਭਾਵਨਾ ਬਣਦੀ ਹੈ ਕਿ ਉਹ AI ਰਾਹੀਂ ਤਿਆਰ ਕੀਤੀ ਗਈ ਹੋਵੇ।

ਅੰਤ ਵਿੱਚ ਬਲਵਿੰਦਰ ਸਿੰਘ ਨੇ ਪੰਜਾਬੀ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਕੇਸਾਂ ਨੂੰ ਸੰਭਾਲਣ ਅਤੇ ਦਸਤਾਰ ਸਜਾਉਣ ਵੱਲ ਵਾਪਸ ਆਉਣ। ਉਨ੍ਹਾਂ ਕਿਹਾ ਕਿ ਜੇ ਕੋਈ ਨੌਜਵਾਨ ਸਿੱਖੀ ਤੋਂ ਦੂਰ ਹੋ ਗਿਆ ਹੈ, ਤਾਂ ਉਹ ਦੁਬਾਰਾ ਜੁੜੇ ਅਤੇ ਸਿੱਖੀ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਏ। ਉਨ੍ਹਾਂ ਇਹ ਵੀ ਕਿਹਾ ਕਿ ਜੋ ਨੌਜਵਾਨ ਪੱਗ ਬੰਨ੍ਹਣਾ ਸਿੱਖਣਾ ਚਾਹੁੰਦੇ ਹਨ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

Related Post