ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲ ਦੀਆਂ ਤਿਆਰੀਆਂ ਮੁਕੰਮਲ; ਪੋਸਟਰ ਕੀਤਾ ਗਿਆ ਰਿਲੀਜ਼
ਖ਼ਾਲਸਾ ਪੰਥ ਦੇ ਸਿਰਜਣਾ ਦਿਵਸ 'ਵਿਸਾਖੀ' ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ (ਗੁਰੂ-ਕਾਸ਼ੀ), ਤਲਵੰਡੀ ਸਾਬੋ ਵਿਖੇ ਹੋਣ ਵਾਲੇ ਸਾਲਾਨਾ ਜੋੜ ਮੇਲ ਦੇ ਸਬੰਧ ਵਿੱਚ ਅੱਜ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਵਿਸ਼ੇਸ਼ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੋਹਨ ਸਿੰਘ ਬੰਗੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਅਤੇ ਤਖ਼ਤ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਪੋਸਟਰ ਰਿਲੀਜ਼ ਕਰਨ ਉਪਰੰਤ ਸਿੰਘ ਸਾਹਿਬ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ 1699 ਈ. ਦੀ ਵਿਸਾਖੀ ਵਾਲੇ ਦਿਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪ੍ਰਗਟ ਕੀਤਾ।
ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹਿਲੀ ਇਤਿਹਾਸਕ ਵਿਸਾਖੀ 1706 ਈਸਵੀ ਵਿੱਚ ਮਨਾਈ ਗਈ ਸੀ। ਇਸ ਪਵਿੱਤਰ ਅਸਥਾਨ 'ਤੇ ਗੁਰੂ ਸਾਹਿਬ ਨੇ ਲੰਬਾ ਸਮਾਂ ਟਿਕਾਣਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਅਤੇ ਇਸ ਨੂੰ 'ਗੁਰੂ ਕੀ ਕਾਸ਼ੀ' ਹੋਣ ਦਾ ਵਰਦਾਨ ਦਿੱਤਾ। 1706 ਈ. ਦੀ ਵਿਸਾਖੀ ਮੌਕੇ ਗੁਰੂ ਸਾਹਿਬ ਨੇ ਸੰਗਤ ਨੂੰ ਹੁਕਮਨਾਮੇ ਜਾਰੀ ਕਰਕੇ ਇੱਥੇ ਪੁੱਜਣ ਦਾ ਆਦੇਸ਼ ਦਿੱਤਾ ਸੀ, ਜਿਸ ਦੌਰਾਨ ਸਵਾ ਲੱਖ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਸਨ। ਉਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਅੱਜ ਵੀ ਇੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ ।
ਸਿੰਘ ਸਾਹਿਬ ਜੀ ਨੇ ਦੱਸਿਆ ਕਿ ਇਸ ਵਾਰ ਵਿਸਾਖੀ ਦਾ ਦਿਹਾੜਾ ੧੨, ੧੩, ੧੪ ਅਤੇ ੧੫ ਅਪ੍ਰੈਲ ੨੦੨੬ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਖ਼ਾਲਸਾ ਪੰਥ ਨੂੰ ਇਸ ਜੋੜ ਮੇਲ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ੧੨ ਅਪ੍ਰੈਲ (ਐਤਵਾਰ) ਨੂੰ ਆਰੰਭ ਹੋਣਗੇ ਅਤੇ ਭੋਗ ੧੪ ਅਪ੍ਰੈਲ (ਮੰਗਲਵਾਰ) ਸਵੇਰੇ ੯:੩੦ ਵਜੇ ਪਾਏ ਜਾਣਗੇ। ਇਸ ਦੌਰਾਨ ੧੩ ਅਪ੍ਰੈਲ ਤੋਂ ੧੪ ਅਪ੍ਰੈਲ ਤੱਕ ਨਿਰੰਤਰ ਧਾਰਮਿਕ ਦੀਵਾਨ ਸਜਣਗੇ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤ ਨੂੰ ਗੁਰ-ਜਸ ਸੁਣਾ ਕੇ ਨਿਹਾਲ ਕਰਨਗੇ।
ਸਿੰਘ ਸਾਹਿਬ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ੧੨ ਤੋਂ ੧੫ ਅਪ੍ਰੈਲ ਤੱਕ ਰੋਜ਼ਾਨਾ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀ ਤਿਆਰ-ਬਰ-ਤਿਆਰ ਹੋ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਉਨ੍ਹਾਂ ਕਿਹਾ ਕਿ ਖ਼ਾਲਸਾ ਸਾਜਨਾ ਦਿਵਸ ਦੀ ਖੁਸ਼ੀ ਵਿੱਚ ਤਖ਼ਤ ਸਾਹਿਬ ਅਤੇ ਸਬੰਧਿਤ ਗੁਰਦੁਆਰਾ ਸਾਹਿਬਾਨ ਵਿਖੇ ਅਲੌਕਿਕ ਦੀਪਮਾਲਾ ਕੀਤੀ ਜਾਵੇਗੀ ਅਤੇ ਖ਼ਾਲਸੇ ਦੀ ਸ਼ਾਨੋ ਸ਼ੌਕਤ ਦਾ ਪ੍ਰਤੀਕ ਮਹੱਲਾ ੧੫ ਅਪ੍ਰੈਲ ਨੂੰ ਸਵੇਰੇ ੧੦ ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸਜਾਇਆ ਜਾਵੇਗਾ, ਜੋ ਗੁਰਦੁਆਰਾ ਮਹੱਲਸਰ ਸਾਹਿਬ ਵਿਖੇ ਸੰਪੂਰਨ ਹੋਵੇਗਾ।
ਸਿੰਘ ਸਾਹਿਬ ਜੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਸਮਾਗਮ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ। ਇਸ ਮੌਕੇ ਭੋਲਾ ਸਿੰਘ ਇੰਚਾਰਜ ਸਬ ਆਫਿਸ ਧਰਮ ਪ੍ਰਚਾਰ ਕਮੇਟੀ, ਗਿਆਨੀ ਗੁਰਜੰਟ ਸਿੰਘ ਮੁੱਖ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਸਰਬਜੀਤ ਸਿੰਘ ਢੋਟੀਆਂ ਇੰਚਾਰਜ ਮਾਲਵਾ ਜੋਨ ਸ ਮਨਦੀਪ ਸਿੰਘ ਸ ਗੁਰਦੇਵ ਸਿੰਘ ਸ ਗੁਰਸੇਵਕ ਸਿੰਘ ਸ ਅਮਰੀਕ ਸਿੰਘ ਡਸਕਾ ਹਾਜ਼ਰ ਸਨ ।
ਇਹ ਵੀ ਪੜ੍ਹੋ : SGPC Budget 2026-2027 Live Update : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2026-27 ਲਈ 1487.41 ਕਰੋੜ 41 ਰੁਪਏ ਦਾ ਬਜਟ ਪਾਸ
- PTC NEWS