ਦਿਵਿਆ ਪਹੂਜਾ ਕਤਲਕਾਂਡ: ਕ੍ਰਾਈਮ ਬਰਾਂਚ ਨੇ ਪੱਛਮੀ ਬੰਗਾਲ ਤੋਂ ਫੜਿਆ ਬਲਰਾਜ ਗਿੱਲ
Divya Pahuja Murder Case: ਮਾਡਲ ਦਿਵਿਆ ਪਾਹੂਜਾ ਕਤਲਕਾਂਡ 'ਚ ਵੱਡੀ ਅਪਡੇਟ (Divya Pahuja Murder Case Update) ਸਾਹਮਣੇ ਆ ਰਹੀ ਹੈ। ਕ੍ਰਾਈਮ ਬਰਾਂਚ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਮੁਲਜ਼ਮ ਬਲਰਾਜ ਗਿੱਲ ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਬਲਰਾਜ ਗਿੱਲ ਉਹੀ ਸਖਸ਼ ਹੈ, ਜਿਹੜਾ ਰਵੀ ਬੰਗਾ ਨਾਲ ਦਿਵਿਆ ਦੀ ਲਾਸ਼ ਟਿਕਾਣੇ ਲਾਉਣ ਲਈ ਬੀਐਮਡਬਲਯੂ ਗੱਡੀ 'ਚ ਲੈ ਕੇ ਫਰਾਰ ਹੋਇਆ ਸੀ। ਹਾਲਾਂਕਿ ਰਵੀ ਬੰਗਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਬਲਰਾਜ ਗਿੱਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੁਲਿਸ ਨੂੰ ਦਿਵਿਆ ਪਾਹੂਜਾ ਦੀ ਲਾਸ਼ ਮਿਲਣ ਦੀ ਉਮੀਦ ਬੱਝ ਗਈ ਹੈ। ਕ੍ਰਾਈਮ ਬਰਾਂਚ ਨੂੰ ਮਾਮਲੇ ਦੀ ਜਾਂਚ ਤੋਂ 10 ਦਿਨਾਂ ਬਾਅਦ ਇਹ ਸਫਲਤਾ ਹਾਸਲ ਹੋਈ ਹੈ, ਜਿਸ ਵਿੱਚ ਉਸ ਨੇ ਮੋਹਾਲੀ ਦੇ ਰਹਿਣ ਵਾਲੇ ਫਰਾਰ ਬਲਰਾਜ ਗਿੱਲ ਨੂੰ ਫੜ ਲਿਆ ਹੈ।
ਪੁਲਿਸ ਨੇ ਜਾਰੀ ਕੀਤਾ ਸੀ ਲੁੱਕ-ਆਊਟ ਨੋਟਿਸ
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ 'ਚ ਪੁਲਿਸ ਬਲਰਾਜ ਗਿੱਲ ਤੇ ਰਵੀ ਬੰਗਾ ਖਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਕੀਤਾ ਸੀ। ਪੁਲਿਸ ਨੂੰ ਸ਼ੱਕ ਸੀ ਕਿ ਦੋਵੇਂ ਵਿਦੇਸ਼ ਭੱਜ ਸਕਦੇ ਹਨ, ਜਿਸ ਨੂੰ ਲੈ ਕੇ ਦੋਵਾਂ ਆਰੋਪੀਆਂ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਸੀ। ਪੁਲਿਸ ਨੇ ਦੋਵਾਂ ਆਰੋਪੀਆਂ ਦੇ ਵਿਦੇਸ਼ ਭੱਜਣ ਦੇ ਖਦਸ਼ੇ ਨੂੰ ਲੈ ਕੇ 50-50 ਹਜ਼ਾਰ ਰੁਪਏ ਦਾ ਇਨਾਮ ਵੀ ਜਾਰੀ ਕੀਤਾ ਸੀ।
ਦੱਸ ਦਈਏ ਕਿ 2 ਜਨਵਰੀ ਨੂੰ ਗੁਰੂਗ੍ਰਾਮ ਦੇ The City Point 'ਚ ਗੋਲੀ ਮਾਰ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮੁਲਜ਼ਮ ਅਭਿਜੀਤ ਸਿੰਘ ਨੇ ਬਲਰਾਜ ਗਿੱਲ ਨੂੰ ਦਿੱਲੀ ਤੋਂ ਗੁਰੂਗ੍ਰਾਮ ਬੁਲਾਇਆ ਅਤੇ ਦਿਵਿਆ ਪਾਹੂਜਾ ਦੀ ਲਾਸ਼ ਨੂੰ ਬੀ.ਐਮ.ਡਬਲਿਊ. ਵਿੱਚ ਪਾ ਕੇ ਬਲਰਾਜ ਗਿੱਲ ਅਤੇ ਰਵੀ ਬੰਗਾ ਨੂੰ ਨਿਪਟਾਰੇ ਲਈ ਸੌਂਪ ਦਿੱਤਾ ਸੀ।