Punjab-Haryana Water Dispute : ਭਗਵੰਤ ਮਾਨ ਜੀ ਸਸਤੀ ਡਰਾਮੇਬਾਜ਼ੀ ਨਾ ਕਰੋ, ਪੰਜਾਬੀਆਂ ਨੂੰ ਦੱਸੋ ਕਿ ਪੰਜਾਬ ਦੇ ਦਰਿਆਈ ਪਾਣੀ ਤੁਸੀਂ ਹਰਿਆਣਾ ਨੂੰ ਕਿਉਂ ਵੇਚੇ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਆਖਿਆ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਸੰਵੇਦਨਸ਼ੀਲ ਮੁੱਦਿਆਂ ’ਤੇ ਸਸਤੀ ਡਰਾਮੇਬਾਜ਼ੀ ਨਾ ਕਰਨ ਅਤੇ ਪੰਜਾਬੀਆਂ ਨੂੰ ਦੱਸਣ ਕਿ ਆਪ ਸਰਕਾਰ ਨੇ ਇਕ ਮਹੀਨਾ ਪਹਿਲਾਂ 4 ਹਜ਼ਾਰ ਕਿਊਸਿਕ ਪਾਣੀ ਹਰਿਆਣਾ ਨੂੰ ਦੇਣ ਵਾਸਤੇ ਪੰਜਾਬ ਦੇ ਹਿੱਤ ਕਿਉਂ ਵੇਚੇ
Punjab-Haryana Water Dispute : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਆਖਿਆ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਸੰਵੇਦਨਸ਼ੀਲ ਮੁੱਦਿਆਂ ’ਤੇ ਸਸਤੀ ਡਰਾਮੇਬਾਜ਼ੀ ਨਾ ਕਰਨ ਅਤੇ ਪੰਜਾਬੀਆਂ ਨੂੰ ਦੱਸਣ ਕਿ ਆਪ ਸਰਕਾਰ ਨੇ ਇਕ ਮਹੀਨਾ ਪਹਿਲਾਂ 4 ਹਜ਼ਾਰ ਕਿਊਸਿਕ ਪਾਣੀ ਹਰਿਆਣਾ ਨੂੰ ਦੇਣ ਵਾਸਤੇ ਪੰਜਾਬ ਦੇ ਹਿੱਤ ਕਿਉਂ ਵੇਚੇ ਅਤੇ ਹੁਣ 8500 ਕਿਊਸਿਕ ਪਾਣੀ ਹਰਿਆਣਾ ਨੂੰ ਦੇਣ ਦਾ ਵਿਰੋਧ ਕਿਉਂ ਨਹੀਂ ਕੀਤਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬਜਾਏ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਣ ਅਤੇ ਇਸਦੇ ਖੇਤੀ ਅਰਥਚਾਰੇ ਨੂੰ ਵੱਡੀ ਸੱਟ ਵੱਜਣ ਤੋਂ ਰੋਕਣ ਲਈ ਕੰਮ ਕਰਨ ਦੇ ਆਪ ਮੁੱਖ ਮੰਤਰੀ ਵੱਲੋਂ ਸੂਬੇ ਦੇ ਦਰਿਆਈ ਪਾਣੀ ਵੇਚਣ ਦੇ ਮਸਲੇ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ’ਧਰਨੇ’ ਲਗਾਉਣ ਦੇ ਡਰਾਮੇ ਕਰ ਰਹੀ ਹੈ। ਉਹਨਾਂ ਕਿਹਾ ਕਿ ਨਾ ਸਿਰਫ ਭਗਵੰਤ ਮਾਨ ਨੇ ਲਿਖਤੀ ਤੌਰ ’ਤੇ ਇਹ ਮੰਨਿਆ ਹੈ ਕਿ ਪੰਜਾਬ ਨੇ ਪਿਛਲੇ ਇਕ ਮਹੀਨੇ ਵਿਚ 4 ਹਜ਼ਾਰ ਕਿਊਸਿਕ ਵਾਧੂ ਪਾਣੀ ਹਰਿਆਣਾ ਨੂੰ ਦੇਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ ਬਲਕਿ ਇਹ ਵੀ ਮੰਨਿਆ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ 23 ਅਪ੍ਰੈਲ ਨੂੰ ਉਹਨਾਂ ਨੂੰ ਫੋਨ ਕੀਤਾ ਸੀ ਤੇ 8 ਹਜ਼ਾਰ ਕਿਊਸਿਕ ਪਾਣੀ ਹੋਰ ਦੇਣ ਦੀ ਅਪੀਲ ਕੀਤੀ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪ ਬਿਆਨ ਦਿੱਤਾ ਹੈ ਕਿ ਭਗਵੰਤ ਮਾਨ ਨੇ ਉਹਨਾਂ ਦੀ ਮੰਗ ਨਾਲ ਸਹਿਮਤੀ ਪ੍ਰਗਟ ਕੀਤੀ ਸੀ। ਉਹਨਾਂ ਕਿਹਾ ਕਿ ਬਜਾਏ ਹੁਣ ਡਰਾਮੇਬਾਜ਼ੀ ਕਰਨ ਦੇ ਭਗਵੰਤ ਮਾਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਸਦੇ ਹੁਕਮਾਂ ਤੇ ਪ੍ਰਵਾਨਗੀ ਨਾਲ ਉਹਨਾਂ ਨੇ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਨੂੰ ਵੇਚੇ ? ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਅਜਿਹੀ ਆਗਿਆ ਨਹੀਂ ਸਕਦੇ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲਕਦੇ ਵੀ ਗੁਆਂਢੀ ਰਾਜਾਂ ਅਤੇ ਕੇਂਦਰ ਸਰਕਾਰ ਵੱਲੋਂ ਬੀ ਬੀ ਐਮ ਬੀ ਨੂੰ ਹਰਿਆਣਾ ਨੂੰ 8500 ਕਿਊਸਿਕ ਪਾਣੀ ਰਿਲੀਜ਼ ਵਾਸਤੇ ਦਬਾਅ ਬਣਾ ਕੇ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇ ਸਕਦਾ। ਉਨ੍ਹਾਂ ਨੇ ਮੰਗ ਕੀਤੀ ਕਿ ਇਹ ਹੁਕਮ ਤੁਰੰਤ ਖਾਰਜ ਕੀਤਾ ਜਾਵੇ ਕਿਉਂਕਿ ਹਿਹ ਬੀਬੀਐਮਬੀ ਦੀ ਨਿਯਮਾਵਲੀ ਮੁਤਾਬਕ ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਗੈਰ ਜਾਰੀ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਮੈਂਬਰ ਪਾਵਰ ਬੀ ਬੀ ਐਮ ਬੀ ਵਜੋਂ ਪੰਜਾਬ ਦੇ ਪ੍ਰਤੀਨਿਧ ਦੀ ਤੁਰੰਤ ਬਹਾਲੀ ਕੀਤੀ ਜਾਵੇ ਅਤੇ ਕਿਹਾ ਕਿ ਬੀਬੀਐਮਬੀ ਦਾ ਗਲਤ ਢੰਗ ਨਾਲ ਦੋ ਸਾਲ ਪਹਿਲਾਂ ਪੁਨਰਗਠਨ ਕੀਤਾ ਗਿਆ ਅਤੇ ਅਜਿਹਾ ਕਰਦਿਆਂ ਪੰਜਾਬ ਨਾਲ ਵਿਤਕਰਾ ਕੀਤਾ ਗਿਆ।
ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਕਦੇ ਵੀ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਜੇਕਰ ਤੈਅ ਕੋਟੇ ਤੋਂ ਇਲਾਵਾ ਇਕ ਬੂੰਦ ਪਾਣੀ ਵੀ ਸੂਬੇ ਤੋਂ ਬਾਹਰ ਗਿਆ ਤਾਂ ਅਸੀਂ ਸੂਬੇ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਵਾਸਤੇ ਲੋਕ ਲਹਿਰ ਸ਼ੁਰੂ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਆਪਣੇ ਆਖ਼ਰੀ ਸਾਹਾਂ ਤੱਕ ਸੰਘਰਸ਼ ਕਰਾਂਗੇ ਪਰ ਕਦੇ ਵੀ ਸਾਡੇ ਪਾਣੀਆਂ ਦੇ ਹੱਕਾਂ ਬਾਰੇ ਸਮਝੌਤਾ ਨਹੀਂ ਕਰਾਂਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਬੀ ਬੀ ਐਮ ਬੀ ਦਾ ਪੁਨਰਗਠਨ ਕੀਤਾ ਜਾਵੇ ਅਤੇ ਇਸਦੇ ਪ੍ਰਬੰਧਨ ਵਿਚ ਪੰਜਾਬ ਨੂੰ ਢੁਕਵੀਂ ਪ੍ਰਤੀਨਿਧਤਾ ਦਿੱਤੀ ਜਾਵੇ ਅਤੇ ਪਾਰਟੀ ਨੇ ਸੂਬੇ ਦੇ ਹਿੱਤਾਂ ਖਿਲਾਫ ਕੰਮ ਕਰਨ ਵਾਸਤੇ ਕਾਂਗਰਸ ਪਾਰਟੀ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਜਿਸ ਤਰੀਕੇ ਹਰਿਆਣਾ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਦਖਲਅੰਦਾਜ਼ੀ ਕਰਨ ਅਤੇ ਧਾਰਾ 257 ਖ਼ਤਮ ਕਰ ਕੇ ਹਰਿਆਣਾ ਲਈ ਵਾਧੂ ਪਾਣੀ ਛੱਡਣ ਵਾਸਤੇ ਪੰਜਾਬ ਸਰਕਾਰ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਗਈ ਹੈ, ਉਹ ਸੰਘੀ ਢਾਂਚੇ ਦੇ ਹੱਕ ਵਿਚ ਨਹੀਂ ਹੈ ਤੇ ਰੀਪੇਰੀਅਨ ਸਿਧਾਂਤ ਦੇ ਵੀ ਖਿਲਾਫ ਹੈ। ਉਹਨਾਂ ਸਵਾਲ ਕੀਤਾ ਕਿ ਇਸ ਮਾਮਲੇ ’ਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਕਿਉਂ ਚੁੱਪ ਹੈ ਅਤੇ ਉਸਨੇ ਹਰਿਆਣਾ ਕਾਂਗਰਸ ਦੀ ਨਿਖੇਧੀ ਕਿਉਂ ਨਹੀਂ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਤੇ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰੇਗਾ ,ਜੋ ਪਹਿਲਾਂ ਹੀ ਸਿੰਜਾਈ ਸਹੂਲਤਾਂ ਦੀ ਘਾੜ ਕਾਰਣ ਮੁਸ਼ਕਿਲਾਂ ਝੱਲ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਭਾਖੜਾ, ਪੋਂਗ ਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਘੱਟ ਹੋਣ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣਾ ਨੂੰ ਵਾਧੂ ਪਾਣੀ ਛੱਡ ਕੇ ਇਹਨਾਂ ਵਿਚ ਹੋਰ ਗਿਰਾਵਟ ਲਿਆਉਣ ਦਾ ਕੋਈ ਵੀ ਯਤਨ ਪੰਜਾਬ ਵਿਚ ਤਬਾਹੀ ਲਿਆ ਦੇਵੇਗਾ।