ਸੰਘਣੀ ਧੁੰਦ ਤੇ ਠੰਢ ਕਾਰਨ ਆਵਾਜਾਈ ਪ੍ਰਭਾਵਿਤ, ਸਰਦੀ ਵੱਧਣ ਦੀ ਪੇਸ਼ੀਨਗੋਈ

By  Ravinder Singh December 6th 2022 09:56 AM

ਚੰਡੀਗੜ੍ਹ : ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੀ ਸੰਘਣੀ ਧੁੰਦ ਤੇ ਹਲਕੀ ਜਿਹੀ ਠੰਢ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਸਵੇਰ ਸਮੇਂ ਸੰਘਣੀ ਧੁੰਦ ਦੀ ਪਰਤ ਨਾਲ ਢਕੇ ਗਏ। ਪਹਾੜੀ ਖੇਤਰਾਂ 'ਚ ਪੱਛਮੀ ਗੜਬੜੀ ਦੇ ਕਾਰਨ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਜਦਕਿ ਇਸ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਵੀ ਪੈ ਰਿਹਾ ਹੈ। ਮੈਦਾਨੀ ਇਲਾਕਿਆਂ ਵਿੱਚ ਦਿਨ ਤੇ ਰਾਤ ਦਾ ਤਾਪਮਾਨ ਤੇਜ਼ੀ ਨਾਲ ਘੱਟ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 3 ਤੋਂ 4 ਦਿਨਾਂ ਤੱਕ ਸਵੇਰੇ ਹਲਕੀ ਧੁੰਦ ਛਾਈ ਰਹੇਗੀ ਜਦਕਿ ਠੰਢ ਵੱਧਣ ਦੇ ਵੀ ਆਸਾਰ ਹਨ। ਅੱਜ ਸਵੇਰੇ ਬਠਿੰਡਾ ਜ਼ਿਲ੍ਹੇ ਵਿਚ ਸੰਘਣੀ ਧੁੰਦ ਪਈ ਅਤੇ ਤਾਪਮਾਨ ਵਿਚ ਵੀ ਗਿਰਾਵਟ ਨਜ਼ਰ ਆਈ। ਸੰਘਣੀ ਧੁੰਦ ਕਾਰਨ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿਚ ਵੀ ਸੰਘਣੀ ਧੁੰਦ ਕਾਰਨ ਸਵੇਰ ਸਮੇਂ ਆਵਾਜਾਈ ਪ੍ਰਭਾਵਿਤ ਹੋਈ।



ਜਲੰਧਰ ਵਿਚ ਤਾਪਮਾਨ ਤੇਜੀ ਨਾਲ ਡਿੱਗ ਰਿਹਾ ਹੈ ਜਿਸ ਨਾਲ ਠੰਢ ਜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅਗਲੇ ਦੋ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਅਨੁਸਾਰ ਦਸੰਬਰ ਦੇ ਪਹਿਲੇ ਹਫ਼ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਧੁੱਪ ਨਾਲ ਰਾਹਤ ਮਿਲੇਗੀ। ਫਿਲਹਾਲ ਨਮੀ ਦੀ ਮਾਤਰਾ ਘੱਟ ਹੋਣ ਕਾਰਨ ਸੁੱਕੀ ਠੰਢ ਦਾ ਪ੍ਰਭਾਵ ਬਣਿਆ ਰਹੇਗਾ। 


ਮੌਸਮ ਵਿਭਾਗ ਅਨੁਸਾਰ ਪੱਛਮੀ ਹਵਾਵਾਂ ਕਾਰਨ ਠੰਢ ਵਧ ਰਹੀ ਹੈ। ਅਗਲੇ 3 ਤੋਂ 4 ਦਿਨਾਂ ਤੱਕ 8 ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਹਾਲਾਂਕਿ ਫਿਲਹਾਲ ਮੀਂਹ ਦੀ ਕੋਈ ਉਮੀਦ ਨਹੀਂ ਹੈ। ਇਸ ਦੇ ਨਾਲ ਹੀ ਰਾਜਧਾਨੀ 'ਚ ਤਾਪਮਾਨ 'ਚ ਗਿਰਾਵਟ ਕਾਰਨ ਠੰਢ ਵਧ ਗਈ ਹੈ। ਪੇਸ਼ੀਨਗੋਈ ਮੁਤਾਬਕ ਮੰਗਲਵਾਰ ਨੂੰ ਦਿੱਲੀ 'ਚ ਘੱਟੋ-ਘੱਟ ਤਾਪਮਾਨ 8 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਹੋ ਸਕਦਾ ਹੈ। ਅਕਸਰ ਦਸੰਬਰ ਦੇ ਪਹਿਲੇ ਹਫ਼ਤੇ ਰਾਤ ਦਾ ਤਾਪਮਾਨ 12 ਡਿਗਰੀ ਦੇ ਆਸਪਾਸ ਰਹਿੰਦਾ ਹੈ ਪਰ ਇਸ ਵਾਰ ਜ਼ਿਆਦਾ ਤਾਪਮਾਨ ਡਿੱਗ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਬਣੇ ਰਾਜਸਥਾਨ ਕਾਂਗਰਸ ਇਕਾਈ ਦੇ ਇੰਚਰਾਜ

Related Post