Jalandhar 'ਚ ਪਿਓ ਨੇ 6 ਸਾਲਾ ਬੇਟੇ ਦੀ ਕੀਤੀ ਹੱਤਿਆ ,ਰਿਸ਼ਤੇਦਾਰ ਨੂੰ ਫਸਾਉਣ ਲਈ ਬੇਟੇ ਨੂੰ ਦਿੱਤਾ ਜ਼ਹਿਰ
Jalandhar News : ਜਲੰਧਰ 'ਚ ਇੱਕ ਪਿਤਾ ਨੇ ਆਪਣੇ 6 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ ਹੈ। ਪਿਤਾ ਨੇ ਦੂਰ ਦੀ ਰਿਸ਼ਤੇਦਾਰੀ 'ਚ ਆਪਣੇ ਜਵਾਈ ਨੂੰ ਫਸਾਉਣ ਦੀ ਕੋਸ਼ਿਸ਼ ਵਿੱਚ ਬੇਟੇ ਨੂੰ ਕੀਟਨਾਸ਼ਕ ਦਵਾਈ ਪਿਲਾ ਦਿੱਤੀ। ਜਿਸ ਕਾਰਨ ਉਸਦੇ ਪੁੱਤਰ ਦੀ ਮੌਤ ਹੋ ਗਈ। ਪੁਲਿਸ ਨੇ ਆਰੋਪੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਨੇ ਦੱਸਿਆ ਕਿ ਉਸਦੇ ਜਵਾਈ ਨੇ ਉਸ ਵਿਰੁੱਧ ਚੋਰੀ ਦੀ ਸ਼ਿਕਾਇਤ ਦਿੱਤੀ ਸੀ।
ਜਾਣਕਾਰੀ ਅਨੁਸਾਰ ਗਜੇਂਦਰ ਚੋਰੀ ਦੀ ਸ਼ਿਕਾਇਤ ਕਾਰਨ ਆਪਣੇ ਰਿਸ਼ਤੇਦਾਰੀ 'ਚ ਲੱਗਦੇ ਦੁਰ ਦੇ ਜਵਾਈ ਤੋਂ ਨਾਰਾਜ਼ ਸੀ। ਉਸਨੇ ਜਵਾਈ ਨੂੰ ਫਸਾਉਣ ਲਈ ਆਪਣੇ ਬੇਟੇ ਨੂੰ ਕੀਟਨਾਸ਼ਕ ਦਵਾਈ ਪਿਲਾ ਕੇ ਬੇਹੋਸ਼ ਕਰਨਾ ਸੀ ਪਰ ਉਸਦੀ ਮੌਤ ਹੋ ਗਈ। ਆਰੋਪੀ ਦੀ ਪਛਾਣ ਗਜੇਂਦਰ ਮੁਖੀਆ (35) ਵਜੋਂ ਹੋਈ ਹੈ। ਉਸ ਵਿਰੁੱਧ ਪਤਾਰਾ ਪੁਲਿਸ ਸਟੇਸ਼ਨ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਗਜੇਂਦਰ ਨੇ ਆਪਣੇ ਬੇਟੇ ਨੂੰ ਇਹ ਸੋਚ ਕੇ ਕੀਟਨਾਸ਼ਕ ਦਵਾਈ ਦਿੱਤੀ ਸੀ ਕਿ ਉਹ ਸਿਰਫ਼ ਬੇਹੋਸ਼ ਹੋ ਜਾਵੇਗਾ। ਉਸਦਾ ਇਰਾਦਾ ਰਿਸ਼ਤੇਦਾਰੀ 'ਚ ਜਵਾਈ ਲੱਗਣ ਵਾਲੇ ਇੱਕ ਨੌਜਵਾਨ ਨੂੰ ਫਸਾਉਣਾ ਸੀ। ਕੁਝ ਸਮਾਂ ਪਹਿਲਾਂ ਉਸ ਨੌਜਵਾਨ ਨੇ ਗਜੇਂਦਰ 'ਤੇ ਝਾਂਜਰ ਚੋਰੀ ਦਾ ਆਰੋਪ ਲਗਾਉਂਦੇ ਹੋਏ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਦਿੱਤੀ ਸੀ। ਜਿਸ ਨਾਲ ਗਜੇਂਦਰ ਗੁੱਸੇ ਵਿੱਚ ਆ ਗਿਆ ਅਤੇ ਉਹ ਬਦਲਾ ਲੈਣਾ ਚਾਹੁੰਦਾ ਸੀ।
ਮ੍ਰਿਤਕ ਬੱਚੇ ਦੀ ਮਾਂ ਮਮਤਾ (32) ਨੇ ਕਿਹਾ ਕਿ ਉਹ ਮੂਲ ਰੂਪ ਵਿੱਚ ਮਧੇਪੁਰਾ ਬਿਹਾਰ ਤੋਂ ਹਨ ਅਤੇ ਵਰਤਮਾਨ ਵਿੱਚ ਹਜ਼ਾਰਾ ਪਿੰਡ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚੋਂ ਰੂਪੇਸ਼ ਵਿਚਕਾਰਲਾ ਪੁੱਤਰ ਹੈ। 6 ਫਰਵਰੀ ਨੂੰ ਦੇਰ ਸ਼ਾਮ ਮਮਤਾ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਜਦੋਂ ਰੂਪੇਸ਼ ਦੋ ਬਿਸਕੁਟ ਲੈ ਕੇ ਉਸ ਕੋਲ ਆਇਆ। ਉਸਨੇ ਕਿਹਾ, "ਮੰਮੀ, ਪਾਪਾ ਨੇ ਮੈਨੂੰ ਦਵਾਈ ਪਿਲਾ ਦਿੱਤੀ ਹੈ।
ਇਸ ਮਗਰੋਂ ਰੂਪੇਸ਼ ਉਲਟੀਆਂ ਕਰਨ ਲੱਗ ਪਿਆ ਅਤੇ ਉਸਨੂੰ ਸਿਵਲ ਹਸਪਤਾਲ ਲੈ ਗਈ। ਉਦੋਂ ਤੱਕ ਬੱਚਾ ਬੇਹੋਸ਼ ਹੋ ਗਿਆ ਸੀ। ਉਸਦੀ ਹਾਲਤ ਵਿਗੜਨ 'ਤੇ ਉਸਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਸ ਤੋਂ ਬਾਅਦ ਪੁਲਿਸ ਨੇ ਗਜੇਂਦਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
- PTC NEWS