ਦਿੱਲੀ ਲਈ ਸੜਕ ਆਵਾਜਾਈ ‘ਚ ਵਿਘਨ ਪੈਣ ਕਾਰਨ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਨੂੰ ਮੁੜੇ ਪੰਜਾਬੀ

By  Jasmeet Singh February 27th 2024 02:55 PM

Amritsar News: ਪੰਜਾਬ ਤੋਂ ਆਉਣ-ਜਾਣ ਵਾਲੇ ਪ੍ਰਵਾਸੀ ਪੰਜਾਬੀਆਂ ਅਤੇ ਹੋਰਨਾਂ ਯਾਤਰੀਆਂ ਲਈ ਕੁਝ ਰਾਹਤ ਦੀ ਖਬਰ ਹੈ ਕਿ ਇੰਡੀਗੋ ਏਅਰਲਾਈਨਜ਼ ਨੇ ਦਿੱਲੀ-ਅੰਮ੍ਰਿਤਸਰ ਵਿਚਕਾਰ 29 ਫਰਵਰੀ 2024 ਤੀਕ ਇੱਕ ਹੋਰ ਉਡਾਣ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਇਸ ਤੋਂ ਪਹਿਲਾਂ ਇਸ ਰੂਟ 'ਤੇ ਰੋਜ਼ਾਨਾ ਚਾਰ ਉਡਾਣਾਂ ਦਾ ਸੰਚਾਲਨ ਕਰਦੀ ਹੈ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕਿਸਾਨਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ, ਪੰਜਾਬ ਦੇ ਸਭ ਤੋਂ ਵੱਡੇ ਅਤੇ ਵਿਅਸਤ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਖਾਸ ਤੌਰ 'ਤੇ ਦਿੱਲੀ ਲਈ ਯਾਤਰੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਇਸ ਨਾਲ ਕਈ ਉਡਾਣਾਂ ਦੀਆਂ ਕੀਮਤਾਂ ਤਕਰੀਬਰਨ 3200 ਰੁਪਏ ਤੋਂ ਵੱਧ ਕੇ 25,000 ਰੁਪਏ ਤੋਂ ਵੀ ਵੱਧ ਤੱਕ ਪਹੁੰਚ ਗਈਆਂ ਸਨ ਅਤੇ ਬਹੁਤ ਸਾਰੀਆਂ ਸਿੱਧੀਆਂ ਉਡਣਾਂ ਵਿੱਕ ਗਈਆਂ ਸਨ।

ਇੰਡੀਗੋ ਦੀ ਇਹ ਨਵੀਂ ਉਡਾਣ, 6ਈ2324, ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12:45 ਵਜੇ ਰਵਾਨਾ ਹੁੰਦੀ ਹੈ ਅਤੇ ਦੁਪਹਿਰ 2:00 ਵਜੇ ਅੰਮ੍ਰਿਤਸਰ ਪਹੁੰਚਦੀ ਹੈ। ਵਾਪਸੀ ਦੀ ਉਡਾਣ, 6ਈ2325, ਅੰਮ੍ਰਿਤਸਰ ਤੋਂ ਦੁਪਹਿਰ 2:45 ਵਜੇ ਰਵਾਨਾ ਹੋ ਕੇ ਸ਼ਾਮ 4:00 ਵਜੇ ਦਿੱਲੀ ਪਹੁੰਚਦੀ ਹੈ। ਇਸ ਫਲਾਈਟ ਲਈ ਬੁਕਿੰਗ ਇੰਡੀਗੋ ਦੀ ਵੈੱਬਸਾਈਟ 'ਤੇ ਉਪਲਬਧ ਹੈ।

ਇਸ ਨਵੀਂ ਉਡਾਣ ਨੂੰ ਲਾਉਣ ਦੇ ਬਾਵਜੂਦ ਕਿਸਾਨਾਂ ਦੇ ਚੱਲ ਰਹੇ ਧਰਨੇ ਕਾਰਨ ਦਿੱਲੀ ਅਤੇ ਅੰਮ੍ਰਿਤਸਰ ਵਿਚਾਲੇ ਉਡਾਣਾਂ ਦੀ ਮੰਗ ਅਤੇ ਕਿਰਾਏ ਹਾਲੇ ਵੀ ਵੱਧ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਰੋਜ਼ਾਨਾ ਅੰਤਰਰਾਸ਼ਟਰੀ ਉਡਾਣਾਂ 'ਤੇ ਦਿੱਲੀ ਪਹੁੰਚ ਕੇ ਸੜਕ ਰਾਹੀਂ ਬੱਸਾਂ, ਕਾਰਾਂ ਜਾਂ ਟੈਕਸੀਆਂ ਰਾਹੀਂ ਪੰਜਾਬ ਪਹੁੰਚਦੇ ਹਨ. ਪਰ ਹੁਣ ਧਰਨੇ ਕਾਰਨ ਰਸਤੇ ਵਿੱਚ ਕੋਈ ਵਿਖਨ ਨਾ ਪੈਣ ਤੋਂ ਬਚਨ ਲਈ ਅੰਮ੍ਰਿਤਸਰ ਤੋਂ ਦਿੱਲੀ ਲਈ ਉਡਾਣਾਂ ਲੈਣ ਨੂੰ ਤਰਜੀਹ ਦੇ ਰਹੇ ਹਨ।

ਗੁਮਟਾਲਾ ਨੇ ਇਸ ਉਡਾਣ ਨੂੰ ਕੁੱਝ ਦਿਨਾਂ ਲਈ ਲਾਉਣ ਦਾ ਸਵਾਗਤ ਕਰਦੇ ਹੋਏ ਕਿਹਾ, “29 ਫਰਵਰੀ ਤੱਕ ਇਸ ਉਡਾਣ ਦੇ ਸ਼ੁਰੂ ਹੋਣ ਨਾਲ, ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਰੋਜ਼ਾਨਾਂ ਉਡਾਣਾਂ ਦੀ ਕੁੱਲ ਗਿਣਤੀ 11 ਹੋ ਗਈ ਹੈ, ਜਿਸ ਵਿੱਚ ਇੰਡੀਗੋ ਵੱਲੋਂ ਪੰਜ, ਏਅਰ ਇੰਡੀਆ ਵੱਲੋਂ ਤਿੰਨ ਅਤੇ ਵਿਸਤਾਰਾ ਵੱਲੋਂ ਤਿੰਨ ਉਡਾਣਾਂ ਚਲਾਈਆਂ ਜਾਂਦੀਆਂ ਹਨ। ਸਾਨੂੰ ਉਮੀਦ ਹੈ ਕਿ ਏਅਰ ਇੰਡੀਆ ਸਮੇਤ ਹੋਰ ਭਾਰਤੀ ਏਅਰਲਾਈਨ ਵੀ ਜਲਦੀ ਹੀ ਹੋਰ ਉਡਾਣਾਂ ਜੋੜਨਗੇ ਜਿਸ ਨਾਲ ਕਿਰਾਏ ਵੀ ਘੱਟ ਜਾਣਗੇ।"

ਸੋਸਲ ਮੀਡੀਆ ਤੇ ਕਈਆਂ ਵੱਲੋਂ ਏਅਰਪੋਰਟ ਤੇ ਭੀੜ ਦੀਆਂ ਵੀਡੀਓ ਸਾਂਝੀਆਂ ਕਰਕੇ ਲੋਕਾਂ ਨੁੰ ਗੁਮਰਾਹ ਕਰਕੇ ਕਿਹਾ ਜਾ ਰਿਹਾ ਹੈ ਕਿ ਹਵਾਈ ਅੱਡੇ ਵਿੱਚ ਦਾਖਲ ਹੋਣ ਲਈ ਗੇਟ ਤੇ ਹੀ 7 ਘੰਟੇ ਲੱਗਦੇ ਹਨ। ਇਸ ਤੇ ਚਿੰਤਾ ਪ੍ਰਗਟ ਕਰਦੇ ਹੋਏ ਗੁਮਟਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਇਟਲੀ ਦੇ ਮਿਲਾਨ ਲਈ ਅਤੇ ਹੋਰਨਾਂ ਅੰਤਰਰਾਸ਼ਟਰੀ ਉਡਾਣਾਂ ਦੇ ਯਾਤਰੀਆਂ ਨੇ ਸਾਨੂੰ ਮੁੱਖ ਹਵਾਈ ਅੱਡੇ ਦੇ ਗੇਟ ਵਿੱਚ ਦਾਖਲ ਹੋਣ ਲਈ ਲਾਈਨ ਵਿੱਚ ਲਗਭਗ ਸਿਰਫ ਇੱਕ ਘੰਟਾ ਉਡੀਕ ਕਰਨ ਸੰਬੰਧੀ ਦੱਸਿਆ ਹੈ। ਗੁਮਟਾਲਾ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਐਂਟਰੀ ਗੇਟ 'ਤੇ ਲੱਗ ਰਹੀ ਭੀੜ ਨੂੰ ਘਟਾਉਣ ਦੀ ਵੀ ਅਪੀਲ ਕੀਤੀ ਹੈ।

ਹਵਾਈ ਅੱਡੇ 'ਤੇ ਭਾਰੀ ਆਵਾਜਾਈ ਨੂੰ ਦੇਖਦੇ ਹੋਏ, ਗੁਮਟਾਲਾ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਘੱਟੋ-ਘੱਟ ਚਾਰ ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣ, ਖਾਸ ਕਰਕੇ ਅੰਤਰਰਾਸ਼ਟਰੀ ਉਡਾਣਾਂ ਵਾਲੇ। ਸਮਾਨ ਦੀ ਜਾਂਚ, ਚੈੱਕ-ਇਨ, ਅਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੌਰਾਨ ਅੰਤਰਰਾਂਸ਼ਟਰੀ ਯਾਤਰੀਆਂ ਨੂੰ ਘਰੇਲੂ ਯਾਤਰੀਆਂ ਨਾਲੋਂ ਜਿਆਦਾ ਸਮਾਂ ਲੱਗਦਾ ਹੈ।  

ਇਹ ਖਬਰਾਂ ਵੀ ਪੜ੍ਹੋ:

Related Post