ਭਿਆਨਕ ਤਬਾਹੀ ਵਿਚਾਲੇ ਤੁਰਕੀ 'ਚ ਦੁਬਾਰਾ ਆਇਆ ਭੂਚਾਲ, ਮਰਨ ਵਾਲਿਆਂ ਦੀ ਗਿਣਤੀ 4 ਹਜ਼ਾਰ ਤੋਂ ਟੱਪੀ

By  Ravinder Singh February 7th 2023 10:34 AM

Turkey Earthquake : ਤੁਰਕੀ 'ਚ ਮੰਗਲਵਾਰ ਯਾਨੀ ਅੱਜ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਤੁਰਕੀ ਅਤੇ ਸੀਰੀਆ ਵਿੱਚ ਬੀਤੇ ਦਿਨ ਹੀ ਇਕ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ। ਤੁਰਕੀ ਅਤੇ ਗੁਆਂਢੀ ਸੀਰੀਆ ਵਿਚ ਸੋਮਵਾਰ ਨੂੰ ਆਏ 7.8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਵਿਚ 4,000 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ। ਇੰਨਾ ਹੀ ਨਹੀਂ ਸੋਮਵਾਰ ਕੁਝ ਘੰਟਿਆਂ ਦੇ ਅੰਦਰ 7.6 ਅਤੇ 6.0 ਦੀ ਤੀਬਰਤਾ ਵਾਲੇ ਦੋ ਹੋਰ ਭੂਚਾਲ ਵੀ ਆਏ।


ਇਸ ਤਬਾਹੀ ਵਿੱਚ 4000 ਤੋਂ ਵੱਧ ਮੌਤਾਂ ਹੋਈਆਂ ਸਨ ਜਦੋਂ ਕਿ 10 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਤੁਰਕੀ ਵਿੱਚ 2,316 ਤੋਂ ਵੱਧ ਅਤੇ ਸੀਰੀਆ ਵਿੱਚ 1,999 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਢਹਿ ਗਈਆਂ ਅਤੇ ਬਹੁਤ ਸਾਰੇ ਲੋਕਾਂ ਦਾ ਮਲਬੇ ਥੱਲੇ ਦਬਣ ਦਾ ਖ਼ਦਸ਼ਾ ਹੈ।  ਲੋਕ ਆਪਣੇ ਘਰਾਂ ਵਿਚ ਬਾਹਰ ਨਿਕਲ ਆਏ ਹਨ। ਸਭ ਤੋਂ ਵੱਧ ਤਬਾਹੀ ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ ਹੋਈ।

ਜੰਗੀ ਪੱਧਰ ਉਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਸਵੇਰ ਦੇ ਭੂਚਾਲ ਦਾ ਮੁੱਖ ਕੇਂਦਰ ਤੁਰਕੀ ਦੇ ਗਾਜ਼ੀਅਨਟੇਪ ਸੂਬੇ ਵਿਚ ਨੂਰਦਾਗੀ ਤੋਂ 23 ਕਿਲੋਮੀਟਰ ਪੂਰਬ 'ਚ ਸੀ। ਇਸ ਭਿਆਨਕ ਕੁਦਰਤੀ ਆਫ਼ਤ ਮਗਰੋਂ ਤੁਰਕੀ ਵਿਚ 7 ​​ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਹਵਾਲੇ ਨਾਲ ਕਿਹਾ ਕਿ ਤੁਰਕੀ ਅਤੇ ਵਿਦੇਸ਼ੀ ਪ੍ਰਤੀਨਿਧਤਾਵਾਂ 'ਚ 12 ਫਰਵਰੀ ਨੂੰ ਸੂਰਜ ਡੁੱਬਣ ਤੱਕ ਦੇਸ਼ ਦਾ ਝੰਡਾ ਅੱਧਾ ਝੁਕਿਆ ਰਹੇਗਾ।


ਤੁਰਕੀ 'ਚ ਕਿਉਂ ਵਾਰ-ਵਾਰ ਹਿੱਲਦੀ ਹੈ ਧਰਤੀ?

ਤੁਰਕੀ ਨੂੰ ਭੂਚਾਲਾਂ ਲਈ ਸਭ ਤੋਂ ਖਤਰਨਾਕ ਸਥਾਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇੱਥੇ ਅਕਸਰ ਭੂਚਾਲ ਆਉਣ ਦਾ ਕਾਰਨ ਟੈਕਟੋਨਿਕ ਪਲੇਟਾਂ ਹਨ। ਅੱਠ ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਚਾਰ ਟੈਕਟੋਨਿਕ ਪਲੇਟਾਂ 'ਤੇ ਸਥਿਤ ਹੈ। ਜਿਵੇਂ ਹੀ ਇਨ੍ਹਾਂ 'ਚੋਂ ਇਕ ਪਲੇਟ ਹਿੱਲਦੀ ਹੈ ਤਾਂ ਪੂਰੇ ਖੇਤਰ 'ਚ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ।

ਤੁਰਕੀ ਦਾ ਸਭ ਤੋਂ ਵੱਡਾ ਹਿੱਸਾ ਐਨਾਟੋਲੀਅਨ ਪਲੇਟ 'ਤੇ ਸਥਿਤ ਹੈ, ਜੋ ਕਿ ਦੋ ਵੱਡੀਆਂ ਪਲੇਟਾਂ, ਯੂਰੇਸ਼ੀਅਨ ਤੇ ਅਫਰੀਕਨ ਤੇ ਨਾਲ ਹੀ ਇਕ ਛੋਟੀ ਅਰਬੀ ਪਲੇਟ ਦੇ ਵਿਚਕਾਰ ਸਥਿਤ ਹੈ। ਜਿਵੇਂ ਹੀ ਅਫ਼ਰੀਕੀ ਅਤੇ ਅਰਬੀ ਪਲੇਟਾਂ ਬਦਲਦੀਆਂ ਹਨ, ਸਾਰਾ ਤੁਰਕੀ ਹਿੱਲਣ ਲੱਗ ਪੈਂਦਾ ਹੈ। ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ ਦੇ ਅੰਕੜਿਆਂ ਅਨੁਸਾਰ, ਸਾਲ 2020 ਵਿੱਚ ਹੀ, 33,000 ਤੋਂ ਵੱਧ ਭੂਚਾਲ ਆਏ ਸਨ। ਇਨ੍ਹਾਂ 'ਚੋਂ 322 ਦੀ ਤੀਬਰਤਾ 4.0 ਤੋਂ ਵੱਧ ਸੀ।

ਇਹ ਵੀ ਪੜ੍ਹੋ : ਬਦਮਾਸ਼ਾਂ ਨੇ ਘਰ 'ਚ ਵੜ ਕੇ ਪਿਓ-ਪੁੱਤਰ ਉਤੇ ਕੀਤੀ ਫਾਇਰਿੰਗ

ਇਸ ਲਈ ਸੀਰੀਆ 'ਚ ਸਭ ਤੋਂ ਵਿਨਾਸ਼ਕਾਰੀ ਭੂਚਾਲ ਸੀਰੀਆ ਦੇ ਇਕ ਅਜਿਹੇ ਖੇਤਰ 'ਚ ਆਇਆ ਜਿੱਥੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਘਰੇਲੂ ਯੁੱਧ ਚੱਲ ਰਿਹਾ ਹੈ ਅਤੇ ਪ੍ਰਭਾਵਿਤ ਖੇਤਰ ਸਰਕਾਰ ਅਤੇ ਬਾਗੀਆਂ ਵਿਚਕਾਰ ਵੰਡਿਆ ਹੋਇਆ ਹੈ। ਵਿਰੋਧੀਆਂ ਦੇ ਕਬਜ਼ੇ ਵਾਲੇ ਸੀਰੀਆ ਦੇ ਖੇਤਰ 'ਚ ਲੜਾਈ ਕਾਰਨ ਇੱਥੋਂ ਦੀਆਂ ਇਮਾਰਤਾਂ ਪਹਿਲਾਂ ਹੀ ਕਮਜ਼ੋਰ ਜਾਂ ਨੁਕਸਾਨੀਆਂ ਗਈਆਂ ਸਨ। ਭੂਚਾਲ ਨੇ ਇਸ ਅੱਗ 'ਚ ਤੇਲ ਪਾਇਆ।

Related Post