Sangrur Teacher Protest : ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ETT ਅਧਿਆਪਕ, ਪੰਜਾਬ ਸਰਕਾਰ ਦੀ ਵਾਅਦਾਖਿਲਾਫ਼ੀ ਖਿਲਾਫ਼ ਖੋਲ੍ਹਿਆ ਮੋਰਚਾ
ETT Teacher Protest : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਲਾਰਿਆਂ ਤੋਂ ਤੰਗ ਆ ਕੇ ਪੰਜਾਬ ਭਰ ਤੋਂ ਆਏ 180 ਈਟੀਟੀ ਰੈਗੂਲਰ ਅਧਿਆਪਕਾਂ ਨੇ ਦਿੜ੍ਹਬਾ ਸ਼ਹਿਰ ਵਿੱਚ ਇਕੱਠੇ ਹੋ ਕੇ ਹਲਕੇ ਦੇ 25 ਪਿੰਡਾਂ ਵਿੱਚ 'ਹਰਪਾਲ ਚੀਮਾ ਦਾ ਭੰਡੀ ਪ੍ਰਚਾਰ' ਪ੍ਰੋਗਰਾਮ ਸ਼ੁਰੂ ਕੀਤਾ।
Sangrur Teacher Protest : ਪੰਜਾਬ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁੱਧ ਈਟੀਟੀ ਅਧਿਆਪਕਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਈਟੀਟੀ ਅਧਿਆਪਕਾਂ ਨੇ ਸੀਐਮ ਮਾਨ ਦੇ ਜ਼ਿਲ੍ਹੇ 'ਚ ਟੈਂਕੀਆਂ 'ਤੇ ਚੜ੍ਹ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਲਾਰਿਆਂ ਤੋਂ ਤੰਗ ਆ ਕੇ ਪੰਜਾਬ ਭਰ ਤੋਂ ਆਏ 180 ਈਟੀਟੀ ਰੈਗੂਲਰ ਅਧਿਆਪਕਾਂ (ETT Teacher Protest) ਨੇ ਦਿੜ੍ਹਬਾ ਸ਼ਹਿਰ (Dirba News) ਵਿੱਚ ਇਕੱਠੇ ਹੋ ਕੇ ਹਲਕੇ ਦੇ 25 ਪਿੰਡਾਂ ਵਿੱਚ 'ਹਰਪਾਲ ਚੀਮਾ ਦਾ ਭੰਡੀ ਪ੍ਰਚਾਰ' ਪ੍ਰੋਗਰਾਮ ਸ਼ੁਰੂ ਕੀਤਾ। ਸੂਲਰ ਘਰਾਟ ਵਿਖੇ ਪੁੱਜਣ ਤੇ ਕੁਝ ਅਧਿਆਪਕ ਸਾਥੀ ਸੰਗਰੂਰ ਪਾਤਡਾਂ ਰੋਡ ਤੇ ਬਣੀ ਟੈਂਕੀ ਉੱਪਰ ਚੜ੍ਹ ਗਏ। ਉਹਨਾਂ ਨੇ ਮਾਤਾਵਾਂ-ਭੈਣਾਂ ਨੂੰ ਹਜ਼ਾਰ ਰੁਪਿਆ ਮਹੀਨਾ ਦੇਣ ਤੋਂ ਮੁਕਰਨ ਵਾਲੇ, ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐਮਐਸਪੀ ਦੀ ਗਰੰਟੀ ਦੇ ਕੇ ਭੱਜਣ ਵਾਲੇ, ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਨਾ ਦੇਣ ਵਾਲੇ ਅਤੇ 180 ਈਟੀਟੀ ਅਧਿਆਪਕਾਂ ਨਾਲ ਵਾਧਾ ਕਰਕੇ ਮੁੱਕਰਨ ਵਾਲੇ ਹਰਪਾਲ ਚੀਮਾ ਮੁਰਦਾਬਾਦ ਦੇ ਪੈਂਫਲਿਟ ਮੋਬਾਈਲ ਟਾਵਰ ਤੋਂ ਪਿੰਡ ਵਿੱਚ ਸੁੱਟੇ। ਇਸ ਤੋਂ ਬਾਅਦ ਇਹ 180 ਅਧਿਆਪਕ ਪਿੰਡ ਢੰਡੋਲੀ ਕਲਾਂ ਵਿੱਚ ਪਾਣੀ ਵਾਲੀ ਟੈਂਕੀ ਉੱਪਰ ਵੀ ਮਹਿਲਾ ਅਧਿਆਪਕਾਂ ਸਮੇਤ ਚੜ੍ਹ ਕੇ ਹਰਪਾਲ ਚੀਮਾ ਮੁਰਦਾਬਾਦ ਦੇ ਪੈਂਫਲਿਟ ਸੁੱਟਣ ਜਾ ਰਹੇ ਹਨ।
ਅਧਿਆਪਕਾਂ ਵੱਲੋਂ ਦਿੜ੍ਹਬਾ ਹਲਕੇ ਦੇ 25 ਪਿੰਡਾਂ ਵਿੱਚ ਟੈਂਕੀਆਂ ਟਾਵਰਾਂ ਉੱਪਰ ਚੜ੍ਹ ਕੇ ਹਰਪਾਲ ਚੀਮਾ ਦੇ ਲਾਰਿਆਂ ਦੀ ਪੋਲ ਖੋਲਣ ਦਾ ਰੂਟ ਪਲਾਨ ਬਣਾ ਕੇ ਲੜੀ ਦਰ ਲੜੀ ਹਰਪਾਲ ਚੀਮਾ ਦਾ ਭੰਡੀ ਪ੍ਰਚਾਰ ਕੀਤਾ ਗਿਆ। ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਹਰਪਾਲ ਸਿੰਘ ਚੀਮਾ ਲਗਾਤਾਰ ਕਈ ਮਹੀਨਿਆਂ ਤੋਂ ਹਰ 15 ਦਿਨ ਬਾਅਦ ਸਾਡਾ ਮਸਲਾ ਹੱਲ ਕਰਨ ਲਈ ਸਾਨੂੰ ਬੁਲਾ ਕੇ ਪੱਤਰ ਜਾਰੀ ਕਰਨ ਦੀ ਗੱਲ ਕਰਦੇ ਹਨ ਪ੍ਰੰਤੂ ਮੌਕੇ 'ਤੇ ਟਾਲ-ਮਟੋਲ ਕਰਦਿਆਂ ਅੱਗੇ ਪਾ ਦਿੰਦੇ ਹਨ। ਸੋ ਅਸੀਂ ਇਹਨਾਂ ਲਾਰਿਆਂ ਤੋਂ ਤੰਗ ਆ ਕੇ ਅੱਜ ਹਲਕੇ ਦੇ 25 ਪਿੰਡਾਂ ਵਿੱਚ ਉੱਚੀ ਥਾਂ ਟੈਂਕੀਆਂ-ਟਾਵਰਾਂ 'ਤੇ ਚੜ ਕੇ ਆਪਣੇ ਪਰਿਵਾਰਾਂ ਸਮੇਤ ਹਰਪਾਲ ਚੀਮਾ ਦੀ ਮੁਰਦਾਬਾਦ ਕਰ ਰਹੇ ਹਾਂ।
ਜਰਨਲ ਸਕੱਤਰ ਸੋਹਨ ਸਿੰਘ ਬਰਨਾਲਾ ਨੇ ਦੱਸਿਆ ਕਿ ਹਰਪਾਲ ਸਿੰਘ ਚੀਮਾ ਵੱਲੋਂ ਬੀਤੀ 27 ਫਰਵਰੀ ਨੂੰ ਵੀ ਮਸਲਾ ਹੱਲ ਕਰਕੇ ਸਾਨੂੰ ਪੱਤਰ ਦੇਣ ਲਈ ਬੁਲਾਇਆ ਗਿਆ ਸੀ ਪ੍ਰੰਤੂ ਵਿੱਤ ਮੰਤਰੀ ਉਸ ਮੀਟਿੰਗ ਤੋਂ ਗੈਰ-ਹਾਜ਼ਰ ਰਹੇ। ਸੂਬਾ ਖਜਾਨਚੀ ਗੁਰਮੁਖ ਸਿੰਘ ਪਟਿਆਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ 25 ਪਿੰਡਾਂ ਵਾਲਾ ਸੰਘਰਸ਼ ਮਸਲਾ ਹੱਲ ਹੋਣ ਤੱਕ ਜਾਰੀ ਰਹੇਗਾ।