ਰਿਫਾਇਨਰੀ ਪਾਈਪ ਪਾਉਣ ਦਾ ਮਾਮਲਾ, ਭਲਕੇ ਮਾਮਲਾ ਹੱਲ ਕਰਨ ਲਈ ਰੱਖੀ ਗਈ ਮੀਟਿੰਗ

By  Aarti January 5th 2023 11:46 AM -- Updated: January 5th 2023 04:43 PM

ਬਠਿੰਡਾ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕੋਰੇਆਣਾ ਵਿਖੇ ਪੁਲਿਸ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ ਹਨ ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਹੈ। ਪੁਲਿਸ ਨੇ 7 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਫਿਲਹਾਲ ਪਾਈਪ ਪਾਉਣ ਦਾ ਕੰਮ ਰੋਕ ਦਿੱਤਾ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਰਿਫਾਇਨਰੀ ਪਾਈਪ ਪਾਉਣ ਨੂੰ ਲੈ ਕੇ ਵਿਰੋਧ ਕਰ ਰਹੇ ਹਨ। ਪੂਰਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨ ਪਾਈਪ ਲਾਈਨ ਨਹੀਂ ਪਾਉਣ ਦੇ ਰਹੇ ਹਨ। ਨਾਲ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ’ਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ। 

ਕਿਸਾਨ ਆਗੂਆਂ ਨੇ ਇਲਜ਼ਾਮ ਲਗਾਏ ਕਿ ਵੱਡੇ ਬਦਲਾਅ ਦੇ ਵਾਅਦੇ ਕਰਕੇ ਆਈ ਆਪ ਸਰਕਾਰ ਨੇ ਇਹ ਬਦਲਾਅ ਕੀਤਾ ਕਿ ਧੱਕੇ ਨਾਲ ਕਿਸਾਨਾਂ ਦੀਆਂ ਜਮੀਨਾਂ ਤੇ ਕਬਜੇ ਕੀਤੇ ਜਾ ਰਹੇ ਹਨ ਜੋ ਕਦੇ ਬਰਦਾਸਤ ਨਹੀ ਕੀਤਾ ਜਾਵੇਗਾ।

ਉੱਧਰ ਦੂਜੇ ਪਾਸੇ ਮੌਕੇ ’ਤੇ ਪਹੁੰਚੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਕੁੱਝ ਵੀ ਕਹਿਣ ਲਈ ਤਿਆਰ ਨਹੀ ਹੋਏ ਪਰ ਪਾਇਪ ਲਾਇਨ ਪ੍ਰੋਜੈਕਟ ਦੇ ਅਧਿਕਾਰੀ ਨੇ ਦੱਸਿਆਂ ਕਿ ਸਾਰੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾ ਰਿਹਾ ਹੈ ਇਹ ਨੈਸ਼ਨਲ ਪ੍ਰੋਜੈਕਟ ਹੈ ਇਸ ਲਈ ਜੇ ਕਿਸੇ ਨੂੰ ਇਤਰਾਜ ਹੈ ਤਾਂ ਉਹ ਜ਼ਿਲ੍ਹਾ ਅਦਾਲਤ ਵਿੱਚ ਸ਼ਿਕਾਇਤ ਕਰ ਸਕਦਾ ਹੈ।  

ਫਿਲਹਾਲ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕੰਮ ਬੰਦ ਕਰਵਾ ਕੇ ਕੱਲ ਕਿਸਾਨਾਂ ਨਾਲ ਮੀਟਿੰਗ ਰੱਖ ਲਈ ਹੈ ਜਿਸ ਵਿੱਚ ਮਾਮਲੇ ਨੂੰ ਹੱਲ ਕਰਨ ਲਈ ਵਿਚਾਰ ਕੀਤੀ ਜਾਵੇਗੀ। 

ਦੱਸ ਦਈਏ ਕਿ ਸਵੇਰੇ 4 ਵਜੇ ਪੁਲਿਸ ਅਤੇ ਪਾਈਪ ਲਾਈਨ ਪਾਉਣ ਵਾਲੇ ਪਿੰਡ ਕੋਰੋਆਣਾ ਵਿਖੇ ਪਹੁੰਚੇ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ ਪਿੰਡ ਨੂੰ ਪੁਲਿਸ ਛਾਉਣੀ ਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ 24 ਦਸਬੰਰ ਨੂੰ ਇਸੇ ਮਾਮਲੇ ਨੂੰ ਲੈ ਕੇ ਵਿਰੋਧ ਕੀਤਾ ਸੀ। 

-ਰਿਪੋਰਟਰ ਮੁਨੀਸ਼ ਗਰਗ ਦੇ ਸਹਿਯੋਗ ਨਾਲ

ਇਹ ਵੀ ਪੜ੍ਹੋ: ਸ਼ੰਭੂ ਬੈਰੀਅਰ ਤੋਂ ਅੱਜ ਚੁੱਕਿਆ ਜਾਵੇਗਾ ਟਰੱਕ ਆਪਰੇਟਰਾਂ ਵੱਲੋਂ ਧਰਨਾ 

Related Post